ਨਵਾਜ਼ ਨੇ ਮੁੜ ਕਸ਼ਮੀਰ ਦਾ ਰਾਗ ਅਲਾਪਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਵਿੱਚ ਸਰਜੀਕਲ ਹਮਲੇ ਕੀਤੇ ਜਾਣ ਤੋਂ ਘਬਰਾਏ ਪਾਕਿਸਤਾਨ ਨੇ ਇੱਕ ਵਾਰ ਫਿਰ ਅੱਤਵਾਦੀ ਬੁਰਹਾਨ ਵਾਨੀ ਨੂੰ ਸ਼ਹੀਦ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਕੌਮਾਂਤਰੀ ਮੰਚਾਂ 'ਤੇ ਕਸ਼ਮੀਰ ਦਾ ਮੁੱਦਾ ਉਠਾਉਂਦਾ ਰਹੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੋਮਵਾਰ ਨੂੰ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਐਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਉਹ ਕਸ਼ਮੀਰ ਦਾ ਮੁੱਦਾ ਕੌਮਾਂਤਰੀ ਪੱਧਰ 'ਤੇ ਉਠਾਉਂਦੇ ਰਹਿਣਗੇ। ਨਵਾਜ਼ ਸ਼ਰੀਫ਼ ਨੇ ਕਿਹਾ ਕਿ ਉਨ੍ਹਾ ਨੂੰ ਕਸ਼ਮੀਰ ਦਾ ਮੁੱਦਾ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ। ਨਵਾਜ਼ ਸ਼ਰੀਫ਼ ਨੇ ਕਿਹਾ ਕਿ ਬੁਰਹਾਨ ਵਾਨੀ ਕਸ਼ਮੀਰ ਦੀ ਸ਼ਾਨ ਸੀ ਅਤੇ ਕਸ਼ਮੀਰੀਆਂ ਦੇ ਨੌਜਵਾਨ ਆਗੂ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਨੀ ਦੀ ਸ਼ਹਾਦਤ ਬੇਅਰਥ ਨਹੀਂ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਧੁਰ ਤੱਕ ਜਾ ਕੇ ਕੀਤੇ ਗਏ ਸਰਜੀਕਲ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਹੱਥਾਂ-ਪੈਰਾਂ ਦੀ ਪਈ ਹੋਈ। ਇਸ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵੱਲੋਂ ਨਵਾਜ਼ ਸ਼ਰੀਫ਼ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਕੌਮੀ ਅਸੰਬਲੀ ਦੇ ਸਾਂਝੇ ਸੈਸ਼ਨ ਵਿੱਚ ਸੱਤਾਧਾਰੀ ਧਿਰ ਦੇ ਸਾਂਸਦਾਂ ਨੇ ਨਵਾਜ਼ ਸ਼ਰੀਫ਼ ਉਪਰ ਕਸ਼ਮੀਰ ਮੁੱਦੇ ਨੂੰ ਸਹੀ ਢੰਗ ਨਾਲ ਦੁਨੀਆ ਸਾਹਮਣੇ ਨਾ ਰੱਖੇ ਜਾਣ ਬਾਰੇ ਸਵਾਲ ਉਠਾਏ ਸਨ। ਉਧਰ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਸ਼ੇਰੀ ਰਹਿਮਾਨ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਨੇ ਪਾਕਿਸਤਾਨ ਗੁਨਾਹਗਾਰ ਬਣਾ ਦਿੱਤਾ ਹੈ। ਭਾਰਤ ਨੇ ਸਿੰਧੂ ਦਰਿਆ ਦਾ ਪਾਣੀ ਰੋਕਣ ਦੀ ਧਮਕੀ ਦੇ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਦਿੱਤੇ ਗਏ ਬਿਆਨ ਦੀ ਤਰ੍ਹਾਂ ਹੀ ਹੈ, ਜਿੱਥੇ ਉਨ੍ਹਾ ਨੇ ਵਾਨੀ ਨੂੰ ਕਸ਼ਮੀਰ ਦਾ ਨੌਜਵਾਨ ਆਗੂ ਅਤੇ ਸ਼ਹੀਦ ਕਰਾਰ ਦਿੱਤਾ ਸੀ। ਨਵਾਜ਼ ਸ਼ਰੀਫ਼ ਨੇ ਮਹਾਂ ਸਭਾ ਵਿੱਚ ਬੋਲਦਿਆਂ ਕਸ਼ਮੀਰੀ ਮੁਸਲਮਾਨਾਂ ਵੱਲੋਂ ਚਲਾਏ ਜਾ ਰਹੇ 'ਜਿਹਾਦ' ਦਾ ਸਮੱਰਥਨ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ ਕਸ਼ਮੀਰ ਸਮੇਤ ਝਗੜੇ ਵਾਲੇ ਮਾਮਲਿਆਂ ਨੂੰ ਹੱਲ ਕਰਨ ਲਈ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕਸ਼ਮੀਰ ਮਸਲੇ ਨੂੰ ਹੱਲ ਕੀਤੇ ਬਗੈਰ ਇਸ ਖਿੱਤੇ ਵਿੱਚ ਸ਼ਾਂਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਭਾਰਤ ਨੇ ਨਵਾਜ਼ ਸ਼ਰੀਫ਼ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੇ ਨਵਾਜ਼ ਸ਼ਰੀਫ਼ ਦੇ ਬਿਆਨ ਨੂੰ ਤੱਥਾਂ ਦੇ ਪਰੇ ਦੀ ਗੱਲ ਦੱਸਿਆ ਸੀ। ਅਕਬਰ ਨੇ ਕਿਹਾ ਸੀ ਕਿ ਵਾਨੀ ਬਾਰੇ ਨਵਾਜ਼ ਦਾ ਬਿਆਨ ਆਤਮਘਾਤੀ ਹੈ। ਅਕਬਰ ਨੇ ਨਵਾਜ਼ ਸ਼ਰੀਫ਼ ਦੇ ਗੱਲਬਾਤ ਦੇ ਪ੍ਰਸਤਾਵ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਸੀ ਕਿ ਬੰਦੂਕ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੀ।