ਛੇੜਾਂਗੇ ਨਹੀਂ, ਛੇੜਿਆ ਤਾਂ ਛੱਡਾਂਗੇ ਨਹੀਂ : ਰਾਜਨਾਥ


ਲਖਨਊ
(ਨਵਾਂ ਜ਼ਮਾਨਾ ਸਰਵਿਸ)
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਅਸੀਂ ਕਿਸੇ ਨੂੰ ਛੇੜਾਂਗੇ ਨਹੀਂ, ਪਰ ਜੇ ਕੋਈ ਸਾਨੂੰ ਛੇੜੇਗਾ ਤਾਂ ਅਸੀਂ ਉਸ ਨੂੰ ਛੱਡਾਂਗੇ ਨਹੀਂ।
ਇੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੇ ਬੀਤੇ ਕੁਝ ਦਿਨਾਂ 'ਚ ਇਹ ਸਾਬਤ ਕੀਤਾ ਹੈ ਕਿ ਉਹ ਇੱਕ ਮਜ਼ਬੂਤ ਦੇਸ਼ ਹੈ। ਉਨ੍ਹਾ ਕਿਹਾ ਕਿ ਭਾਰਤ ਬਿਨਾਂ ਕਿਸੇ ਉਕਸਾਵੇ ਦੇ ਕਿਸੇ 'ਤੇ ਹਮਲਾ ਨਹੀਂ ਕਰੇਗਾ। ਹਾਲਾਂਕਿ ਜੇ ਉਸ ਨੂੰ ਛੇੜਿਆ ਗਿਆ ਤਾਂ ਉਹ ਜੁਆਬ ਦੇਣ ਤੋਂ ਵੀ ਨਹੀਂ ਕਤਰਾਏਗਾ। ਉਨ੍ਹਾ ਕਿਹਾ ਹੈ, ''ਅਸੀਂ ਮੰਨਦੇ ਹਾਂ ਕਿ ਅਸੀਂ ਕਿਸੇ ਨੂੰ ਛੇੜਾਂਗੇ ਨਹੀਂ, ਪਰ ਜੇ ਕੋਈ ਸਾਨੂੰ ਛੇੜੇਗਾ ਤਾਂ ਅਸੀਂ ਉਸ ਨੂੰ ਛੱਡਾਂਗੇ ਨਹੀਂ।'' ਰਾਜਨਾਥ ਦਾ ਇਸ਼ਾਰਾ ਸਪੱਸ਼ਟ ਤੌਰ 'ਤੇ ਪਾਕਿਸਤਾਨ ਵੱਲ ਸੀ।
ਮੀਡੀਆ 'ਚ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਸਨ ਕਿ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਸਰਜੀਕਲ ਹਮਲੇ ਦੇ ਮੁੱਦੇ 'ਤੇ ਘੱਟ ਬੋਲਣ ਦੀ ਹਦਾਇਤ ਕੀਤੀ ਹੈ। ਹਾਲਾਂਕਿ ਰਾਜਨਾਥ ਤੋਂ ਪਹਿਲਾਂ ਰੱਖਿਆ ਮੰਤਰੀ ਪਰਿੱਕਰ ਵੀ ਇਸ ਮੁੱਦੇ 'ਤੇ ਪਾਕਿਸਤਾਨ ਬਾਰੇ ਉਕਸਾਵੇ ਵਾਲੀਆਂ ਟਿਪਣੀਆਂ ਕਰ ਚੁੱਕੇ ਹਨ। ਉਧਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਸਰਜੀਕਲ ਸਟਰਾਈਕ ਨੂੰ ਚੋਣ ਮੁੱਦਾ ਬਣਾਇਆ ਜਾ ਸਕਦਾ ਹੈ। ਸਤੰਬਰ ਦੇ ਅਖੀਰ 'ਚ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ 'ਚ ਜਾ ਕੇ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਸਰਜੀਕਲ ਹਮਲੇ ਬਾਰੇ ਵਿਰੋਧੀ ਪਾਰਟੀਆਂ ਇਹ ਦੋਸ਼ ਲਗਾ ਰਹੀਆਂ ਹਨ ਕਿ ਭਾਜਪਾ ਇਸ ਮੁੱਦੇ ਨੂੰ ਆਪਣੇ ਫਾਇਦੇ ਲਈ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ।