ਪਾਕਿਸਤਾਨ ਅੱਤਵਾਦੀ ਨੈੱਟਵਰਕ ਬੰਦ ਕਰੇ : ਅਮਰੀਕਾ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਭਾਵੇਂ ਮਕਬੂਜ਼ਾ ਕਸ਼ਮੀਰ 'ਚ ਭਾਰਤ ਦੇ ਸਰਜੀਕਲ ਹਮਲੇ ਤੋਂ ਇਨਕਾਰ ਕਰ ਰਿਹਾ ਹੈ, ਪਰ ਉਸ ਲਈ ਹਾਲਾਤ ਲਗਾਤਾਰ ਮੁਸ਼ਕਲ ਹੁੰਦੇ ਜਾ ਰਹੇ ਹਨ। ਵ੍ਹਾਈਟ ਹਾਊਸ ਵੱਲੋਂ ਇੱਕ ਬਿਆਨ ਰਾਹੀਂ ਭਾਰਤ ਦੇ ਸਰਜੀਕਲ ਹਮਲੇ ਦੀ ਹਮਾਇਤ ਕੀਤੇ ਜਾਣ ਮਗਰੋਂ ਹੁਣ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਤਰਜਮਾਨ ਜਾਨ ਕਿਰਬੀ ਨੇ ਕਿਹਾ ਹੈ ਕਿ ਅਸੀਂ ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲਦਿਆਂ ਦੇਖਣਾ ਚਾਹੁੰਦੇ ਹਾਂ। ਪਾਕਿਸਤਾਨ ਵੱਲੋਂ ਆਪਣੀ ਧਰਤੀ ਦੀ ਅੱਤਵਾਦੀ ਸਰਗਰਮੀਆਂ ਲਈ ਵਰਤੋਂ ਕਰਨ ਦੇਣ ਅਤੇ ਭਾਰਤ 'ਚ ਅੱਤਵਾਦ ਦੀ ਸਪਲਾਈ ਦੇ ਸੰਬੰਧ 'ਚ ਕਿਰਬੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਆਪਣੀ ਸੀਮਾ ਅੰਦਰ ਅੱਤਵਾਦੀਆਂ ਅਤੇ ਅੱਤਵਾਦੀ ਜਥੇਬੰਦੀਆਂ ਦੀ ਪਹੁੰਚ ਨੂੰ ਖ਼ਤਮ ਕਰੇ। ਲਸ਼ਕਰੇ ਤਾਇਬਾ ਦੇ ਸਰਗਨਾ ਹਾਫ਼ਿਜ਼ ਸਈਦ ਵੱਲੋਂ ਅਮਰੀਕਾ ਖ਼ਿਲਾਫ਼ ਦਿੱਤੇ ਗਏ ਬਿਆਨ ਬਾਰੇ ਪੁੱਛੇ ਜਾਣ 'ਤੇ ਕਿਰਬੀ ਨੇ ਕਿਹਾ ਕਿ ਉਹ ਇੱਕ ਅੱਤਵਾਦੀ ਦੇ ਬਿਆਨ 'ਤੇ ਕਿਸੇ ਤਰ੍ਹਾਂ ਦੀ ਪ੍ਰਤੀਕ੍ਰਿਆ ਨਹੀਂ ਦੇਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਉੜੀ 'ਚ ਅੱਤਵਾਦੀ ਹਮਲੇ ਮਗਰੋਂ ਭਾਰਤ ਲਗਾਤਾਰ ਪਾਕਿਸਤਾਨ ਨੂੰ ਵਿਸ਼ਵ ਭਾਈਚਾਰੇ 'ਚ ਅਲੱਗ-ਥਲੱਗ ਕਰਨ ਲਈ ਕੂਟਨੀਤਕ ਉਪਾਅ ਕਰ ਰਿਹਾ ਹੈ ਅਤੇ ਕਿਰਬੀ ਦਾ ਇਹ ਬਿਆਨ ਭਾਰਤ ਨੂੰ ਮਿਲੀ ਕੂਟਨੀਤਕ ਸਫ਼ਲਤਾ ਦਾ ਸੰਕੇਤ ਹੈ।
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਇੱਕ ਬਿਆਨ ਰਾਹੀਂ ਮਕਬੂਜ਼ਾ ਕਸ਼ਮੀਰ 'ਚ ਸਰਜੀਕਲ ਹਮਲਿਆਂ ਦੀ ਹਮਾਇਤ ਕੀਤੀ ਅਤੇ ਕਸ਼ਮੀਰ ਮੁੱਦੇ ਨੂੰ ਅਫ਼ਗਾਨਿਸਤਾਨ 'ਚ ਸ਼ਾਂਤੀ ਦੇ ਮੁੱਦੇ ਨਾਲ ਜੋੜਣ ਦੇ ਪਾਕਿਸਤਾਨ ਦੇ ਯਤਨਾਂ ਦੀ ਨਿਖੇਧੀ ਕੀਤੀ।
ਅਮਰੀਕਾ ਨੇ ਕਿਹਾ ਕਿ ਉਹ ਉੜੀ ਹਮਲੇ ਮਗਰੋਂ ਭਾਰਤ ਵੱਲੋਂ ਕੀਤੇ ਗਏ ਸਰਜਕੀਲ ਹਮਲਿਆਂ ਨੂੰ ਆਤਮ ਰੱਖਿਆ ਦੇ ਅਧਿਕਾਰ ਤਹਿਤ ਰੱਖਦਾ ਹੈ। ਇਸ ਤੋਂ ਇਲਾਵਾ ਅਮਰੀਕਾ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਭਾਰਤ ਨੂੰ ਪ੍ਰਮਾਣੂ ਸਪਲਾਇਰਜ਼ ਗਰੁੱਪ (ਐਨ ਐਸ ਜੀ) ਦੀ ਮੈਂਬਰੀ ਮਿਲ ਜਾਵੇ।
ਉਧਰ ਵ੍ਹਾਈਟ ਹਾਊਸ ਦੇ ਦੱਖਣੀ ਏਸ਼ੀਆ ਮਾਮਲਿਆਂ ਦੇ ਇੰਚਾਰਜ ਪੀਟਰ ਲਾਵੋਏ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਸੰਬੰਧ ਅਮਰੀਕਾ ਲਈ ਬਹੁਤ ਪ੍ਰਗਤੀਸ਼ੀਲ ਹਨ। ਉਨ੍ਹਾ ਨੇ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿਚਕਾਰ ਇਸ ਸੰਬੰਧ ਨੂੰ ਮਜ਼ਬੂਤ ਕਰਨ 'ਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ।