ਭਾਰਤ ਰੂਸ ਤੋਂ ਖਰੀਦੇਗਾ 200 ਹੈਲੀਕਾਪਟਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਅਤੇ ਉਸ ਦੇ ਪੁਰਾਣੇ ਸਹਿਯੋਗੀ ਰੂਸ ਇੱਕ ਵਾਰ ਫਿਰ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਨਵੀਆਂ ਉੱਚਾਈਆਂ ਤੱਕ ਲਿਜਾਣ ਲਈ ਤਿਆਰ ਹਨ। ਦੋਵਾਂ ਦੇਸ਼ਾਂ ਵਿਚਾਲੇ 200 ਹਲਕੇ ਹੈਲੀਕਾਪਟਰਾਂ ਦੀ ਖਰੀਦ ਸਮੇਤ ਕਈ ਅਹਿਮ ਸਮਝੌਤਿਆਂ ਬਾਰੇ ਗੱਲਬਾਤ ਅੰਤਮ ਦੌਰ ਵਿੱਚ ਹੈ। ਇਸ ਤੋਂ ਇਲਾਵਾ ਐੱਸ-400 ਏਅਰ ਡਿਫੈਂਸ ਮਿਜ਼ਾਈਲ ਸਿਸਟਮ ਨੂੰ ਲੈ ਕੇ ਵੀ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਜਾਰੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸੇ ਹਫਤੇ ਭਾਰਤ ਦੇ ਦੌਰੇ 'ਤੇ ਆਉਣ ਵਾਲੇ ਹਨ। ਇਸ ਦੌਰੇ ਦੌਰਾਨ ਇਨ੍ਹਾਂ ਸਮਝੌਤਿਆਂ ਬਾਰੇ ਅੱਗੇ ਗੱਲਬਾਤ ਤੋਰੀ ਜਾਵੇਗੀ ਅਤੇ ਅਹਿਮ ਸਮਝੌਤਿਆਂ 'ਤੇ ਸਹੀ ਪਾਈ ਜਾਵੇਗੀ। ਭਾਰਤ ਦੇ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਪੁਤਿਨ ਗੋਆ ਵਿੱਚ ਹੋ ਰਹੇ ਬ੍ਰਿਕਸ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ 17ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਵਿੱਚ ਵੀ ਸ਼ਿਰਕਤ ਕਰਨਗੇ। ਇਸ ਗੱਲਬਾਤ ਦੌਰਾਨ ਦੋਵੇਂ ਮੁਲਕ ਦੁਵੱਲੇ ਸੰਬੰਧਾਂ 'ਚ ਪ੍ਰਗਤੀ ਦੀ ਸਮੀਖਿਆ ਕਰਨਗੇ। ਪੁਤਿਨ ਦੇ ਉਸ ਦੌਰੇ ਦੌਰਾਨ ਦੋਵਾਂ ਮੁਲਕਾਂ ਵਿਚਾਲੇ 5 ਅਹਿਮ ਸਮਝੌਤੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਐੱਸ-400 ਏਅਰ ਡਿਫੈਂਸ ਮਿਜ਼ਾਈਲ ਸਿਸਟਮ ਹੈ। ਇਸ ਨਾਲ ਭਾਰਤ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਇਸ ਤਰ੍ਹਾਂ ਦੇ ਪੰਜ ਸਿਸਟਮ ਲੈਣ ਦੀ ਤਿਆਰੀ ਕਰ ਰਿਹਾ ਹੈ। ਭਾਰਤ ਵੱਲੋਂ ਹਵਾਈ ਫੌਜ ਲਈ ਦਰਮਿਆਨੀ ਸਮਰੱਥਾ ਵਾਲੇ 48 ਅਜਿਹੇ ਹੈਲੀਕਾਪਟਰ ਖਰੀਦੇ ਜਾਣ ਦੀ ਵੀ ਯੋਜਨਾ ਹੈ। ਇਸ ਵੇਲੇ ਭਾਰਤ ਟਰਾਂਸਪੋਰਟ ਹੈਲੀਕਾਪਟਰਾਂ ਦੇ ਦੌਰ 'ਤੇ ਐੱਮ ਆਈ-17 ਹੈਲੀਕਾਪਟਰਾਂ 'ਤੇ ਹੀ ਨਿਰਭਰ ਹੈ। ਜੇਕਰ ਰੂਸ ਨਾਲ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ ਹੈ ਤਾਂ ਹੰਗਾਮੀ ਹਾਲਤ ਵਿੱਚ ਮਦਦ ਪਹੁੰਚਾਉਣ ਅਤੇ ਅਪ੍ਰੇਸ਼ਨ ਚਲਾਉਣ ਦੀ ਹਵਾਈ ਫੌਜ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਹਥਿਆਰਬੰਦ ਫੌਜਾਂ ਨੂੰ ਲਿਜਾਣ ਲਈ ਇਨਫੈਂਟਰੀ ਕਮਬੈੱਟ ਵਹੀਕਲ ਦੀ ਖਰੀਦਦਾਰੀ ਲਈ ਵੀ ਭਾਰਤ ਅਤੇ ਰੂਸ ਵਿਚਾਲੇ ਗੱਲਬਾਤ ਚੱਲ ਰਹੀ ਹੈ। ਭਾਰਤ ਇਸ ਸਮਝੌਤੇ ਰਾਹੀਂ ਰੂਸ ਤੋਂ ਅਜਿਹੇ 100 ਹੈਲੀਕਾਪਟਰ ਖਰੀਦਣ ਦੀ ਕੋਸ਼ਿਸ਼ ਕਰੇਗਾ। ਰੂਸੀ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਸਮੁੰਦਰੀ ਫੌਜ ਲਈ ਰੂਸ ਤੋਂ 2 ਡੀਜ਼ਲ ਇਲੈਕਟ੍ਰਿਕ ਪਣਡੁੱਬੀਆਂ ਖਰੀਦਣ ਲਈ ਵੀ ਗੱਲਬਾਤ ਚਲਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਵੱਲੋਂ ਰੂਸ ਤੋਂ ਪ੍ਰਮਾਣੂ ਸੰਪੰਨ ਪਣਡੁੱਬੀਆਂ ਪਟੇ 'ਤੇ ਲੈਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਭਾਰਤ ਵੱਲੋਂ ਹਿੰਦ ਮਹਾਸਾਗਰ ਵਿੱਚ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੂਸ ਤੋਂ ਇਹ ਪਣਡੁੱਬੀਆਂ ਲੈਣ ਨਾਲ ਭਾਰਤ ਦਾ ਇਸ ਖੇਤਰ ਵਿੱਚ ਦਬਦਬਾ ਹੋਰ ਵਧੇਗਾ।