ਪਿੰਡ ਬਾਦਲ ਨੂੰ ਜਾਂਦੇ ਸੁਵਿਧਾ ਕਾਮਿਆਂ 'ਤੇ ਲਾਠੀਚਾਰਜ, ਕਈ ਜ਼ਖ਼ਮੀ

ਲੰਬੀ (ਮਿੰਟੂ ਗੁਰੂਸਰੀਆ)
ਪਿੰਡ ਬਾਦਲ ਨੂੰ ਕੂਚ ਕਰ ਰਹੇ ਸੁਵਿਧਾ ਕਰਮਚਾਰੀਆਂ 'ਤੇ ਬਾਦਲ ਪਿੰਡ ਦੇ ਨੇੜੇ ਪੁਲਸ ਨੇ ਜ਼ਬਰਦਸਤ ਲਾਠੀਚਾਰਜ ਕੀਤਾ। ਇਸ ਤੋਂ ਪਹਿਲਾਂ ਦੋ ਵੱਖ-ਵੱਖ ਨਾਕਿਆਂ 'ਤੇ ਸੁਵਿਧਾ ਕਾਮਿਆਂ ਨੇ ਰੋਕਣ 'ਤੇ ਪੁਲਸ ਵਾਲਿਆਂ ਨੂੰ ਕੁੱਟਮਾਰ ਕਰਕੇ ਖਦੇੜ ਦਿੱਤਾ ਅਤੇ ਇਹ ਨਾਕੇ ਤੋੜ ਕੇ ਬਾਦਲ ਪਿੰਡ ਵੱਲ ਤੇਜ਼ੀ ਨਾਲ ਵਧਦੇ ਗਏ। ਲਾਠੀਚਾਰਜ ਅਤੇ ਪਹਿਲਾਂ ਹੋਈਆਂ ਝੜਪਾਂ ਦੌਰਾਨ ਦੋਵਾਂ ਪਾਸਿਆਂ ਦੇ ਡੇਢ ਦਰਜਨ ਦੇ ਕਰੀਬ ਕਰਮਚਾਰੀ ਜ਼ਖ਼ਮੀਂ ਹੋ ਗਏ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਹਫਤਿਆਂ ਤੋਂ ਲੰਬੀ ਵਿੱਚ ਸ਼ਾਂਤਮਾਈ ਢੰਗ ਨਾਲ ਧਰਨੇ ਤੇ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਦੋ ਸੌ ਦੇ ਕਰੀਬ ਸੁਵਿਧਾ ਕਾਮਿਆਂ ਨੇ ਅੱਜ ਦੁਪਿਹਰ ਇੱਕ ਵਜੇ ਦੇ ਕਰੀਬ ਅਚਾਨਕ ਬਾਦਲ ਪਿੰਡ ਨੂੰ ਵਹੀਰਾਂ ਘੱਤ ਦਿੱਤੀਆਂ। ਇਸ ਦੌਰਾਨ ਸੁਵਿਧਾ ਕਾਮਿਆਂ ਤੇ ਪੁਲਸ ਦਰਮਿਆਨ ਪਹਿਲਾਂ ਲੰਬੀ-ਖਿਉ ਵਾਲੀ ਪਿੰਡ ਦੀ ਹੱਦ 'ਤੇ ਝੜਪ ਹੋਈ ਅਤੇ ਇਸ ਤੋਂ ਬਾਅਦ ਪਿੰਡ ਖਿਉ ਵਾਲੀ ਤੋਂ ਬਾਦਲ ਨੂੰ ਜਾਣ ਵਾਲੀ ਸੜਕ 'ਤੇ ਬਣੀ ਚੌਂਕੀ ਦੇ ਨਾਕੇ 'ਤੇ ਦੋਵੇਂ ਧਿਰਾਂ ਆਹਮੋ-ਸਾਹਮਣਾ ਹੋਈਆਂ। ਰੋਕਣ 'ਤੇ ਸੁਵਿਧਾ ਕਾਮਿਆਂ ਨੇ ਮੌਕੇ 'ਤੇ ਘੱਟ ਗਿਣਤੀ ਪੁਲਸ ਕਰਮੀਆਂ ਨੂੰ ਬੁਰੀ ਤਰ੍ਹਾਂ ਧੱਕਾ-ਮੁੱਕੀ ਕਰਕੇ ਖਦੇੜ ਦਿੱਤਾ। ਇਸ ਦੌਰਾਨ ਇੱਕ ਪੁਲਸ ਮੁਲਾਜ਼ਮ ਦੀ ਲੱਤ ਦੀ ਹੱਡੀ ਵੀ ਫਰੈਕਚਰ ਹੋ ਗਈ। ਇਸ ਤੋਂ ਬਾਅਦ ਹਫ਼ੜਾ-ਦਫੜੀ 'ਚ ਪੁਲਸ ਨੇ ਵੱਖ-ਵੱਖ ਥਾਣਿਆਂ ਦੀ ਭਾਰੀ ਨਫ਼ਰੀ ਸੱਦ ਕੇ ਇਨ੍ਹਾਂ ਨੂੰ ਬਾਦਲ ਪਿੰਡ ਤੋਂ ਪਿਛਾਂਹ ਰੋਕ ਲਿਆ। ਜਦੋਂ ਸੁਵਿਧਾ ਕਾਮਿਆਂ ਨੇ ਇੱਥੋਂ ਵੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਫੇਰ ਪੁਲਸ ਨੇ ਜ਼ੋਰਦਾਰ ਲਾਠੀਚਾਰਜ ਕਰ ਦਿੱਤਾ। ਇਸ ਲਾਠੀਚਾਰਜ ਵਿੱਚ ਇਸਤਰੀਆਂ ਸਮੇਤ ਸੁਵਿਧਾ ਕਾਮੇ ਬੜੀ ਬੇਕਿਰਕੀ ਨਾਲ ਕੁੱਟੇ ਗਏ। ਇੱਥੋਂ ਤੱਕ ਕਿ ਇਸਤਰੀਆਂ ਨੂੰ ਵੀ ਧੂਹ-ਧੂਹ ਕੇ ਕੁੱਟਿਆ ਗਿਆ। ਇਸ ਖਿੱਚ-ਧੂਹ ਵਿੱਚ ਕੁਝ ਇਸਤਰੀਆਂ ਦੇ ਕੱਪੜੇ ਵੀ ਪਾਟ ਗਏ। ਇਸ ਦੌਰਾਨ ਅੱਗਿਓਂ ਸੁਵਿਧਾ ਕਾਮਿਆਂ ਨੇ ਵੀ ਪੁਲਸ 'ਤੇ ਪੱਥਰਬਾਜ਼ੀ ਕੀਤੀ। ਪੁਲਸ ਨੇ ਵੀ ਪਹਿਲਾਂ ਹੰਝੂ ਗੋਲਿਆਂ ਦਾ ਪ੍ਰਯੋਗ ਕੀਤਾ ਤੇ ਫੇਰ ਪਾਣੀ ਦੀਆਂ ਵਾਛੜ ਇਸਤੇਮਾਲ 'ਚ ਲਿਆਂਦੀਆਂ।
ਇਸ ਲਾਠੀਚਾਰਜ 'ਚ ਅਮਰੀਕ ਸਿੰਘ, ਚਰਨਜੀਤ ਸਿੰਘ, ਸਤਨਾਮ ਸਿੰਘ, ਨਰੇਸ਼ ਕੁਮਾਰ, ਵਿਨੋਦ ਕੁਮਾਰ, ਵਰਿੰਦਰ ਸਿੰਘ, ਰਾਜੀਵ ਕੁਮਾਰ ਅਤੇ ਗੌਰਵ ਨਾਂਅ ਦੇ ਸੁਵਿਧਾ ਕਾਮੇ ਗੰਭੀਰ ਫ਼ੱਟੜ ਹੋ ਗਏ। ਇਸ ਤੋਂ ਇਲਾਵਾ ਹੋਰ ਵੀ ਚਾਰ ਤੋਂ ਛੇ ਜਣਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ। ਕੁੱਟਮਾਰ ਦੀ ਸ਼ਿਕਾਰ ਹੋਈ ਪੰਜ ਮਹੀਨਿਆਂ ਦੀ ਗਰਭਵਤੀ ਕੁਲਦੀਪ ਕੌਰ ਵਾਸੀ ਫ਼ਤਿਹਗੜ੍ਹ ਸਾਹਿਬ ਨੇ ਦੋਸ਼ ਲਾਇਆ ਕਿ ਉਸ ਨੂੰ ਐਸ.ਪੀ. ਬਲਰਾਜ ਸਿੰਘ ਨੇ ਕਥਿਤ ਰੂਪ 'ਚ ਲੱਤਾਂ ਅਤੇ ਡੰਡਿਆਂ ਨਾਲ ਕੁੱਟਿਆ ਤੇ ਗਾਲ੍ਹ-ਮੰਦਾ ਵੀ ਬੋਲਿਆ, ਇਸ ਅਧਿਕਾਰੀ ਨੇ ਹੋਰਨਾਂ ਇਸਤਰੀ ਕਾਮਿਆਂ ਨਾਲ ਵੀ ਇਹੋ ਸਲੂਕ ਕੀਤਾ। ਓਧਰ ਇਸ ਘਟਨਾ ਵਿੱਚ ਕੁਝ ਪੁਲਸ ਮੁਲਾਜ਼ਮ ਵੀ ਫ਼ੱਟੜ ਹੋ ਗਏ। ਜਿਨ੍ਹਾਂ 'ਚੋਂ ਇੱਕ ਨੇ ਪਿੰਡ ਬਾਦਲ ਅਤੇ ਦੋ ਨੂੰ ਮੁਕਤਸਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਲਾਠੀਚਾਰਜ ਝੱਲਣ ਤੋਂ ਬਾਅਦ ਬਚੇ ਹੋਏ ਸੁਵਿਧਾ ਕਾਮੇ ਖਿਉ ਵਾਲੀ-ਬਠਿੰਡਾ ਸੜਕ ਦੇ ਵਿਚਕਾਰ ਬੈਠ ਗਏ। ਪੁਲਸ ਨੇ ਪਹਿਲਾਂ ਤਾਂ ਕਰਮਚਾਰੀਆਂ ਨੂੰ ਮਨਾਉਣ ਦਾ ਯਤਨ ਕੀਤਾ, ਪਰ ਜਦੋਂ ਉਹ ਨਾ ਮੰਨੇ ਤਾਂ ਪੁਲਸ ਇਨ੍ਹਾਂ ਸਾਰਿਆਂ ਨੂੰ ਹਿਰਾਸਤ 'ਚ ਲੈ ਕੇ ਵੱਖ-ਵੱਖ ਥਾਣਿਆਂ 'ਚ ਲੈ ਗਈ। ਮੌਕੇ 'ਤੇ ਪੁੱਜੇ ਜ਼ਿਲ੍ਹਾ ਪੁਲਸ ਮੁਖੀ ਨੇ ਪੱਤਰਕਾਰਾਂ ਨਾਲ ਗ਼ੱਲਬਾਤ ਕਰਦਿਆਂ ਕਿਹਾ ਕਿ ਸੁਵਿਧਾਂ ਕਾਮਿਆਂ ਨੇ ਪਹਿਲਾਂ ਲੰਬੀ ਅਤੇ ਫੇਰ ਖਿਉ ਵਾਲੀ ਪੋਸਟ 'ਤੇ ਤਾਇਨਾਤ ਪੁਲਸ ਕਰਮੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਵਰਦੀਆਂ ਪਾੜ ਦਿੱਤੀਆਂ, ਜਦੋਂ ਅੱਗੇ ਆ ਕੇ ਫਿਰ ਇਨ੍ਹਾਂ ਨੂੰ ਬੈਰੀਕੇਡ ਕੀਤਾ ਗਿਆ ਤਾਂ ਵੀ ਇਨ੍ਹਾਂ ਨੇ ਜ਼ਬਰੀ ਬਾਦਲ ਪਿੰਡ ਵੱਲ ਵਧਣ ਦਾ ਯਤਨ ਕੀਤਾ, ਜਿਸ ਤੋਂ ਬਾਅਦ ਮਜਬੂਰਨ ਪ੍ਰਸ਼ਾਸਕੀ ਹੁਕਮਾਂ 'ਤੇ ਲਾਠੀਚਾਰਜ ਕਰਨਾ ਪਿਆ। ਉਨ੍ਹਾਂ ਤਿੰਨ ਪੁਲਸ ਮੁਲਾਜ਼ਮਾਂ ਦੇ ਫ਼ੱਟੜ ਹੋਣ ਦੀ ਪੁਸ਼ਟੀ ਕਰਦਿਆਂ ਇਹ ਵੀ ਕਿਹਾ ਕਿ ਕਿਸੇ ਨੂੰ ਅਮਨ-ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਇਹ ਹਾਲੀ ਦੇ ਸਾਲਾਂ 'ਚ ਪਹਿਲਾ ਮੌਕਾ ਹੈ, ਜਦੋਂ ਲੰਬੀ ਵਿੱਚ ਪੁਲਸ ਨੂੰ ਕਿਸੇ ਸੰਘਰਸ਼ਸ਼ੀਲ ਜਥੇਬੰਦੀ ਹੱਥੋਂ ਇਸ ਤਰ੍ਹਾਂ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ ਹੋਵੇ, ਜਿਸ ਦਾ ਗ਼ੁੱਸਾ ਲਾਠੀਚਾਰਜ ਦੌਰਾਨ ਪੁਲਸ ਵਾਲਿਆਂ ਦੇ ਕਹਿਰ ਤੋਂ ਸਾਫ਼ ਵਿਖਾਈ ਦਿੱਤਾ।