ਮੀਟ ਕਾਰੋਬਾਰੀ ਮੋਈਨ ਕੁਰੈਸ਼ੀ ਤੋਂ ਈ ਡੀ ਵੱਲੋਂ ਪੁੱਛਗਿੱਛ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੀਟ ਕਾਰੋਬਾਰੀ ਮੋਈਨ ਕੁਰੈਸ਼ੀ ਨੂੰ ਦਿੱਲੀ ਹਵਾਈ ਅੱਡੇ 'ਤੇ ਰੋਕ ਕੇ ਪੁੱਛਗਿੱਛ ਕੀਤੀ। ਕਰੈਸ਼ੀ ਨੂੰ ਦਿੱਲੀ ਹਵਾਈ ਅੱਡੇ 'ਤੇ ਉਸ ਵੇਲੇ ਰੋਕਿਆ ਗਿਆ, ਜਦੋਂ ਉਹ ਡੁਬਈ ਨੂੰ ਜਾਣ ਲਈ ਹਵਾਈ ਅੱਡੇ 'ਤੇ ਪਹੁੰਚਿਆ ਸੀ।
ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਦੇ ਇੱਕ ਮਾਮਲੇ 'ਚ ਕੁਰੈਸ਼ੀ ਦੀ ਤਲਾਸ਼ ਲਈ ਨੋਟਿਸ ਜਾਰੀ ਕੀਤਾ ਹੋਇਆ ਸੀ ਅਤੇ ਇਸੇ ਅਧਾਰ 'ਤੇ ਇਹ ਕਾਰਵਾਈ ਕੀਤੀ ਗਈ। ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਕੁਰੈਸ਼ੀ ਦੇ ਹਵਾਈ ਅੱਡੇ 'ਤੇ ਹੋਣ ਬਾਰੇ ਈ ਡੀ ਦੇ ਅਧਿਕਾਰੀਆ ਨੂੰ ਸੂਚਨਾ ਦਿੱਤੀ। ਈ ਡੀ ਦੇ ਅਧਿਕਾਰੀਆ ਨੇ ਮੌਕੇ 'ਤੇ ਪਹੁੰਚ ਕੇ ਕੁਰੈਸ਼ੀ ਨੂੰ ਦਬੋਚ ਲਿਆ। ਪੁੱਛਗਿੱਛ ਦੌਰਾਨ ਕੁਰੈਸ਼ੀ ਨੇ ਦੱਸਿਆ ਕਿ ਉਸ ਨੇ ਜ਼ਮਾਨਤ ਕਰਕੇ ਵਿਦੇਸ਼ ਜਾਣ ਦੀ ਆਗਿਆ ਲਈ ਹੋਈ ਹੈ, ਇਸ ਸੰਬੰਧੀ ਉਸ ਦੇ ਵਕੀਲ ਨੇ ਹਵਾਈ ਅੱਡੇ ਨੂੰ ਕੁਝ ਕਾਗਜ਼ਾਤ ਵੀ ਫੈਕਸ ਕੀਤੇ। ਸੀ ਬੀ ਆਈ ਦੇ ਇੱਕ ਡਾਇਰੈਕਟਰ ਦੇ ਕੁਰੈਸ਼ੀ ਨਾਲ ਕਰੀਬੀ ਸੰਬੰਧ ਰਹੇ ਹਨ। ਇਸ ਤੋਂ ਇਲਾਵਾ ਇੰਟਰਪੋਲ ਦੇ ਸਾਬਕਾ ਜਨਰਲ ਸਕੱਤਰ ਨਾਲ ਵੀ ਉਸ ਦੇ ਸੰਬੰਧ ਸਾਹਮਣੇ ਆਏ ਹਨ। ਇਸ ਮੀਟ ਕਾਰੋਬਾਰੀ ਦੇ ਸਿਆਸੀ ਆਗੂਆਂ ਨਾਲ ਨੇੜਲੇ ਸੰਬੰਧ ਕਈ ਵਾਰੀ ਜੱਗ-ਜ਼ਾਹਰ ਹੋ ਚੁੱਕੇ ਹਨ। ਪੁੱਛਗਿੱਛ ਮਗਰੋਂ ਕੁਰੈਸ਼ੀ ਡੁਬਈ ਲਈ ਰਵਾਨਾ ਹੋ ਗਿਆ।