ਵਾਰਾਨਸੀ 'ਚ ਭਾਜੜ ਪੈਣ ਨਾਲ 24 ਮੌਤਾਂ

ਵਾਰਾਨਸੀ
(ਨਵਾਂ ਜ਼ਮਾਨਾ ਸਰਵਿਸ)
ਧਾਰਮਕ ਨਗਰੀ ਵਾਰਾਨਸੀ ਵਿੱਚ ਪੁਲ 'ਤੇ ਭਾਜੜ ਪੈਣ ਨਾਲ 24 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਰਾਜਘਾਟ ਕੋਲ ਪੁਲ ਉੱਪਰ ਉਸ ਵੇਲੇ ਵਾਪਰਿਆ, ਜਿਸ ਵੇਲੇ ਜੈ ਗੁਰੂਦੇਵ ਦੇ ਹਜ਼ਾਰਾਂ ਭਗਤ ਸਮਾਗਮ ਲਈ ਇਕੱਠੇ ਹੋਏ ਸਨ। ਰਾਜਘਾਟ ਪੁਲ 'ਤੇ ਭੀੜ ਜਮ੍ਹਾਂ ਹੋਣ ਕਾਰਨ ਇਹ ਹਾਦਸਾ ਵਾਪਰਿਆ। ਮਰਨ ਵਾਲੇ ਵਿਅਕਤੀਆਂ ਵਿੱਚ 15 ਔਰਤਾਂ ਅਤੇ 4 ਮਰਦ ਸ਼ਾਮਲ ਹਨ। ਡਾਕਟਰਾਂ ਨੇ ਦੱਸਿਆ ਕਿ 20 ਦੇ ਕਰੀਬ ਵਿਅਕਤੀ ਜ਼ਖ਼ਮੀ ਹਨ ਅਤੇ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਿਪੋਰਟਾਂ ਮੁਤਾਬਕ ਐਤਵਾਰ ਨੂੰ ਡੁਮਰੀਆ ਵਿੱਚ ਜੈ ਗੁਰੂਦੇਵ ਦੇ ਗੱਦੀਨਸ਼ੀਨ ਬਾਬਾ ਪੰਕਜ ਦਾਸ ਦਾ ਦੋ ਦਿਨਾ ਸਤਿਸੰਗ ਹੋਣਾ ਸੀ, ਇਸ ਲਈ ਉਨ੍ਹਾ ਦੇ ਪੈਰੋਕਾਰ ਵੱਡੀ ਗਿਣਤੀ ਵਿੱਚ ਵਾਰਾਨਸੀ ਪਹੁੰਚੇ ਹੋਏ ਸਨ। ਸ਼ਨੀਵਾਰ ਸਵੇਰੇ ਹੀ ਰਾਜਘਾਟ ਉੱਪਰ ਜੈ ਗੁਰੂਦੇਵ ਦੇ ਪੈਰੋਕਾਰਾਂ ਦਾ ਪੈਦਲ ਮਾਰਚ ਚੱਲ ਪਿਆ। ਇਸ ਕਾਰਨ ਉੱਥੇ ਟ੍ਰੈਫ਼ਿਕ ਬੰਦ ਕਰ ਦਿੱਤੀ ਗਈ ਸੀ। ਇਸ ਦੇ ਨਾਲ ਪੂਰਾ ਸ਼ਹਿਰ ਜਾਮ ਹੋ ਗਿਆ। ਇਸੇ ਦਰਮਿਆਨ ਆਖ਼ਰੀ ਪੜਾਅ 'ਤੇ ਭਾਜੜ ਪੈ ਗਈ। ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੋਕ ਇੱਕ-ਦੂਜੇ ਨੂੰ ਕੁਚਲ ਕੇ ਅੱਗੇ ਵਧਣ ਲੱਗੇ, ਜਿਸ ਨਾਲ 15 ਔਰਤਾਂ ਸਮੇਤ 19 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜਾਮ ਲੱਗ ਜਾਣ ਕਾਰਨ ਰਾਹਤ ਅਤੇ ਬਚਾਅ ਟੀਮ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਡੀ ਜੀ ਪੀ ਦਲਜੀਤ ਚੌਧਰੀ ਨੇ ਲਖਨਊ 'ਚ ਦੱਸਿਆ ਕਿ ਰਾਜਘਾਟ ਕੋਲ ਪੁਲ ਕਾਫ਼ੀ ਤੰਗ ਹੈ ਅਤੇ ਗਰਮੀ ਅਤੇ ਘੁਟਣ ਕਾਰਨ ਪੁਲ ਉੱਪਰ ਇੱਕ ਵਿਅਕਤੀ ਦੀ ਮੌਤ ਹੋਣ ਕਾਰਨ ਭਾਜੜ ਪੈ ਗਈ, ਜਿਸ ਕਾਰਨ ਏਨਾ ਵੱਡਾ ਹਾਦਸਾ ਵਾਪਰ ਗਿਆ। ਉਨ੍ਹਾ ਦੱਸਿਆ ਕਿ ਜੈ ਗੁਰੂਦੇਵ ਸੰਸਥਾ ਨੇ ਜਿੰਨੀ ਭੀੜ ਦਾ ਅਨੁਮਾਨ ਲਾ ਕੇ ਪ੍ਰਬੰਧ ਕੀਤਾ ਸੀ, ਉਸ ਤੋਂ ਕਈ ਗੁਣਾ ਵੱਧ ਭੀੜ ਇਕੱਠੀ ਹੋ ਗਈ।
ਯੂ ਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।
ਵਾਰਾਨਸੀ ਰੇਂਜ ਆਈ ਜੀ ਸ੍ਰੀ ਐੱਸ ਕੇ ਭਗਤ ਨੇ ਦੱਸਿਆ ਕਿ ਪੁਲ ਉੱਪਰ ਭੀੜ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾ ਦੱਸਿਆ ਕਿ ਪੈਦਲ ਮਾਰਚ ਲਈ ਤਿੰਨ ਹਜ਼ਾਰ ਲੋਕਾਂ ਦੀ ਆਗਿਆ ਦਿੱਤੀ ਗਈ ਸੀ, ਪਰ ਇਸ ਪੈਦਲ ਮਾਰਚ ਵਿੱਚ ਹਜ਼ਾਰਾਂ ਲੋਕ ਇਕੱਤਰ ਹੋ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੋਦੀ ਨੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਸੰਬੰਧੀ ਅਧਿਕਾਰੀਆਂ ਨਾਲ ਟੈਨੀਫ਼ੋਨ 'ਤੇ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਘਟਨਾ 'ਤੇ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾ ਵਾਰਾਨਸੀ ਦੇ ਕਮਿਸ਼ਨਰ ਨਾਲ ਗੱਲਬਾਤ ਕਰ ਕੇ ਸਾਰੀ ਜਾਣਕਾਰੀ ਲਈ ਹੈ। ਉਨ੍ਹਾ ਪੀੜਤ ਪਰਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਵਿਸ਼ਵਾਸ ਦਿੱਤਾ ਹੈ।