ਆਈ ਐੱਨ ਐੱਸ ਅਰਿਹੰਤ ਨਾਲ ਭਾਰਤ ਪਰਮਾਣੂ ਹਮਲਾ ਕਰਨ ਦੇ ਹੋ ਸਕੇਗਾ ਸਮਰੱਥ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਭਾਰਤ ਹੁਣ ਜ਼ਮੀਨ, ਸਮੁੰਦਰ ਜਾਂ ਹਵਾ ਤੋਂ ਵੀ ਪਰਮਾਣੂ ਹਮਲਾ ਕਰ ਸਕਦਾ ਹੈ। ਭਾਰਤ ਨੇ ਇਸ ਸਾਲ ਅਗਸਤ 'ਚ ਹੀ ਦੇਸ਼ 'ਚ ਬਣੀ ਪਰਮਾਣੂ ਪਣਡੁੱਬੀ ਆਈ ਐੱਨ ਐੱਸ ਅਰਿਹੰਤ ਨੂੰ ਸਮੁੰਦਰੀ ਫ਼ੌਜ 'ਚ ਸ਼ਾਮਲ ਕਰ ਲਿਆ ਹੈ। ਆਈ ਐੱਨ ਐੱਸ ਅਰਿਹੰਤ ਜ਼ਰੀਏ 750 ਕਿਲੋਮੀਟਰ ਅਤੇ 3500 ਕਿਲੋਮੀਟਰ ਦੀ ਦੂਰੀ 'ਤੇ ਨਿਸ਼ਾਨਾ ਲਗਾਇਆ ਜਾ ਸਕਦਾ ਹੈ। ਹੁਣ ਤੱਕ ਇਹ ਸਮਰੱਥਾ ਅਮਰੀਕਾ, ਰੂਸ ਅਤੇ ਚੀਨ ਦੇ ਮੁਕਾਬਲੇ 'ਚ ਘੱਟ ਹੈ। ਇਨ੍ਹਾਂ ਦੇਸ਼ਾਂ ਕੋਲ 5 ਹਜ਼ਾਰ ਕਿਲੋਮੀਟਰ ਤੱਕ ਮਾਰ ਦੀ ਸਮਰੱਥਾ ਵਾਲੀਆਂ ਪਣਡੁੱਬੀ ਲਾਂਚਡ ਬੈਲਿਸਟਿਕ ਮਿਸਾਈਲਾਂ ਹਨ। 6 ਹਜ਼ਾਰ ਟਨ ਭਾਰ ਵਾਲੀ ਆਈ ਐੱਨ ਐੱਸ ਅਰਿਹੰਤ ਫਿਲਹਾਲ ਤਾਇਨਾਤੀ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ। ਰੱਖਿਆ ਮੰਤਰਾਲੇ ਵੱਲੋਂ ਵੀ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀ ਦਿੱਤੀ ਗਈ ਅਤੇ ਸਮੁੰਦਰੀ ਫ਼ੌਜ ਨੇ ਵੀ ਇਸ 'ਤੇ ਕੋਈ ਗੱਲ ਨਹੀਂ ਕਹੀ ਹੈ। ਇੰਜ ਮੰਨਿਆ ਜਾ ਰਿਹਾ ਹੈ ਕਿ ਇਹ ਰਣਨੀਤਕ ਪ੍ਰਾਜੈਕਟ ਹੈ, ਜਿਸ ਦੀ ਨਿਗਰਾਨੀ ਸਿੱਧੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਹੋ ਰਹੀ ਹੈ। ਆਈ ਐੱਨ ਐੱਸ ਅਰਿਹੰਤ ਤਿੰਨ ਐੱਸ.ਐੱਸ.ਬੀ.ਐੱਨ. (ਨਿਊਕਲੀਅਰ ਪਾਵਰਡ ਸਬਮਰੀਨ ਵਿਦ ਲਾਂਚ ਰੇਂਜ ਨਿਊਕਲੀਅਰ ਬੈਲਸਟਿਕ ਮਿਸਾਈਲ) 'ਚੋਂ ਪਹਿਲੀ ਪਣਡੁੱਬੀ ਹੈ। ਇਸ ਦਾ ਨਿਰਮਾਣ ਕਈ ਦਹਾਕੇ ਪਹਿਲਾਂ ਕੀਤੇ ਗਏ ਖੁਫੀਆ ਏ.ਟੀ.ਵੀ. (ਐਡਵਾਂਸ ਟੈਕਨਾਲਜੀ ਵੈਸਲ) ਦੇ ਤਹਿਤ ਕੀਤਾ ਗਿਆ ਹੈ। ਇਸ ਦੇ ਨਾਲ ਆਈ.ਐੱਨ.ਐੱਸ. ਅਰਿਦਮਨ ਅਤੇ ਇਕ ਹੋਰ ਪਣਡੁੱਬੀ ਵੀ ਬਣਾਈ ਜਾ ਰਹੀ ਹੈ। ਆਈ.ਐੱਨ.ਐੱਸ. ਅਰਿਦਮਨ ਕਾਫੀ ਹੱਦ ਤੱਕ ਬਣ ਕੇ ਤਿਆਰ ਹੈ ਅਤੇ ਸਾਲ 2018 ਤੱਕ ਇਸ ਦੇ ਸਮੁੰਦਰੀ ਫੌਜ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।