ਡਿਗਰੀ ਵਿਵਾਦ 'ਚ ਸਮਰਿਤੀ ਨੂੰ ਰਾਹਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਵਿਦਿਅਕ ਯੋਗਤਾ ਬਾਰੇ ਕਥਿਤ ਤੌਰ 'ਤੇ ਗਲਤ ਸੂਚਨਾ ਦੇਣ ਲਈ ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਵਿਰੁੱਧ ਦਾਇਰ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਹੈ। ਇਸ ਨੂੰ ਸਮਰਿਤੀ ਇਰਾਨੀ ਲਈ ਵੱਡੀ ਰਾਹਤ ਦੱਸਿਆ ਜਾ ਰਿਹਾ ਹੈ, ਕਿਉਂਕਿ ਉਸ ਦੀ ਵਿਦਿਅਕ ਯੋਗਤਾ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ ਬਾਰੇ ਕਈ ਵਾਰੀ ਸਵਾਲ ਉਠ ਚੁੱਕੇ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਸਮਰਿਤੀ ਇਰਾਨੀ ਨੂੰ ਸੰਮਨ ਭੇਜੇ ਜਾਣ ਤੋਂ ਇਨਕਾਰ ਕੀਤਾ ਹੈ। ਅਦਾਲਤ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਅਸਲੀ ਦਸਤਾਵੇਜ਼ ਗੁਆਚ ਗਏ ਹਨ ਅਤੇ ਮੌਜੂਦਾ ਦਸਤਾਵੇਜ਼ ਮੰਤਰੀ ਨੂੰ ਸੰਮਨ ਭੇਜੇ ਜਾਣ ਲਈ ਕਾਫੀ ਨਹੀਂ ਹਨ। ਅਦਾਲਤ ਨੇ ਸ਼ਿਕਾਇਤਕਰਤਾ ਦੀ ਮਨਸ਼ਾ ਬਾਰੇ ਵੀ ਸਵਾਲ ਉਠਾਏ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਕਰਨ 'ਚ 11 ਸਾਲ ਦਾ ਸਮਾਂ ਲੱਗ ਗਿਆ, ਜਿਸ ਤੋਂ ਜ਼ਾਹਰ ਹੈ ਕਿ ਮੰਤਰੀ ਨੂੰ ਪ੍ਰੇਸ਼ਾਨ ਕਰਨ ਦੇ ਮਨਸ਼ੇ ਨਾਲ ਸ਼ਿਕਾਇਤ ਕੀਤੀ ਗਈ ਹੈ। ਸਮਰਿਤੀ ਇਰਾਨੀ 'ਤੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਤਿੰਨ ਚੋਣ ਹਲਫਨਾਮਿਆਂ 'ਚ ਉਨ੍ਹਾਂ ਵੱਲੋਂ ਵੱਖਰੀ-ਵੱਖਰੀ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਹਲਫਨਾਮੇ ਵਿਚ ਸਮਰਿਤੀ ਇਰਾਨੀ ਨੇ ਆਪਣੇ ਵਿਦਿਅਕ ਯੋਗਤਾ ਬੀ ਕਾਮ ਦੱਸੀ ਸੀ, ਜਦਕਿ ਦੂਜੇ ਹਲਫਨਾਮੇ ਵਿੱਚ ਵਿਦਿਅਕ ਯੋਗਤਾ ਬੀ ਏ ਦੱਸੀ ਸੀ।