ਪੰਜਾਬ 'ਚ ਸ਼ਰਾਬ ਮਾਫੀਆ ਦਾ ਖੌਫ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ 'ਚ ਸ਼ਰਾਬ ਮਾਫੀਆ ਬੇਲਗਾਮ ਹੁੰਦਾ ਜਾ ਰਿਹਾ ਹੈ ਅਤੇ ਉਹਨਾਂ ਦੇ ਖੌਫ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਹਫਤੇ 'ਚ ਤਿੰਨ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਕਈਆਂ 'ਤੇ ਜਾਨਲੇਵਾ ਹਮਲੇ ਕੀਤੇ ਗਏ ਅਤੇ ਅਜੇ ਵੀ ਪੰਜਾਬ 'ਚ ਸ਼ਰਾਬ ਮਾਫੀਆ ਦਾ ਖੌਫ ਜਾਰੀ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ 'ਚ 10 ਅਕਤੂਬਰ ਰਾਤ 8.30 ਵਜੇ ਸੁਖਚੈਨ ਸਿੰਘ ਨੂੰ ਅਗਵਾ ਕਰ ਲਿਆ ਗਿਆ। ਪਰਵਾਰ ਦਾ ਦੋਸ਼ ਹੈ ਕਿ ਪੁਲਸ ਥਾਣੇ ਦਾ ਰਾਹ ਸਿਰਫ 6 ਮਿੰਟ ਦਾ ਹੈ, ਪਰ ਪੁਲਸ ਸਵਾ 9 ਵਜੇ ਮੌਕੇ 'ਤੇ ਪੁੱਜੀ। ਉਸ ਵੇਲੇ ਤੱਕ ਸੁਖਚੈਨ ਦੀਆਂ ਲੱਤਾਂ ਵੱਢ ਦਿੱਤੀਆਂ ਗਈਆਂ ਅਤੇ ਉਸ ਨੇ ਤੜਫ-ਤਫੜ ਕੇ ਜਾਨ ਦੇ ਦਿੱਤੀ। ਪਰਵਾਰ ਨੇ ਪੁਲਸ ਨੂੰ ਦੱਸਿਆ ਕਿ ਲਾਸ਼ ਦੋਸ਼ੀਆਂ ਦੇ ਘਰ ਹੈ, ਪਰ ਪੁਲਸ ਨੇ ਤਲਾਸ਼ੀ ਨਾ ਲਈ।
ਇਸੇ ਤਰ੍ਹਾਂ ਇੱਕ ਸਮੇਂ ਸ਼ਰਾਬ ਦੇ ਧੰਦੇ 'ਚ ਸ਼ਾਮਲ ਰਹੇ ਅਜੈ ਨਾਂਅ ਦੇ ਨੌਜੁਆਨ ਨੇ 7 ਅਕਤੂਬਰ ਨੂੰ ਪੁਲਸ ਨੂੰ ਰਿਪੋਰਟ ਦਿੱਤੀ ਕਿ ਉਸ ਦੀ ਜਾਨ ਨੂੰ ਖਤਰਾ ਹੈ। ਪਰਵਾਰ ਅਨੁਸਾਰ ਪੁਲਸ ਨੇ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਾ ਕੀਤੀ ਅਤੇ ਉਸੇ ਰਾਤ ਅਜੈ ਘਰ ਨਾ ਆਇਆ ਅਤੇ ਅਗਲੀ ਸਵੇਰ ਉਸ ਦੀ ਲਾਸ਼ ਹੀ ਮਿਲੀ ਅਤੇ ਉਸ ਦੀਆਂ ਅੱਖਾਂ ਕੱਢੀਆਂ ਹੋਈਆਂ ਸਨ ਤੇ ਕੰਨ ਕੱਟੇ ਹੋਏ ਸਨ। ਪਿਤਾ ਜੱਜ ਸਿੰਘ ਨੇ ਕਿਹਾ ਕਿ ਅਜੈ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਸ਼ਰਾਬ ਦਾ ਗੈਰ-ਕਾਨੂੰਨੀ ਧੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਅਜੈ ਅੱਜ ਜ਼ਿੰਦਾ ਹੁੰਦਾ। ਸ਼ਰਾਬ ਮਾਫੀਆ ਨੇ ਜਲੰਧਰ 'ਚ ਜਨਕ ਨਗਰ ਵਿਖੇ ਇੱਕ 29 ਸਾਲਾ ਨੌਜੁਆਨ ਨੂੰ ਕਤਲ ਕਰ ਦਿੱਤਾ। ਸ਼ਰਾਬ ਮਾਫੀਆ ਖੇਤਰ 'ਚ ਸ਼ਰਾਬ ਵੇਚਦਾ ਸੀ ਤੇ ਉਸ ਦੇ ਮੁੰਡੇ ਆਉਂਦੀਆਂ ਜਾਂਦੀਆਂ-ਕੁੜੀਆਂ ਨਾਲ ਛੇੜਖਾਨੀ ਕਰਦੇ ਸਨ ਅਤੇ ਇਹ ਨੌਜੁਆਨ ਇਸ ਦਾ ਵਿਰੋਧ ਕਰਦਾ ਸੀ। ਮਨੀਸ਼ ਨਾਮੀ ਇਸ ਨੌਜੁਆਨ ਦਾ ਅਗਲੇ ਮਹੀਨੇ ਵਿਆਹ ਹੋਣਾ ਸੀ। ਸ਼ਰਾਬ ਮਾਫੀਆ ਦੀ ਗੁੰਡਾਗਰਦੀ ਨੇ ਸਰਕਾਰ ਦੀ ਨੀਂਦ ਖੋਲ੍ਹ ਦਿੱਤੀ ਹੈ ਅਤੇ ਸਰਕਾਰ ਵੱਲੋਂ ਇੰਟੈਲੀਜੈਂਸ ਯੂਨਿਟ ਨੂੰ ਸ਼ਰਾਬ ਮਾਫੀਆ-ਪੁਲਸ ਗੱਠਜੋੜ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਰੀਆਂ ਵਾਰਦਾਤਾਂ ਸ਼ਰਾਬ ਮਾਫੀਆ ਦੀ ਆਪਸੀ ਦੁਸ਼ਮਣੀ ਕਾਰਨ ਹੋ ਰਹੀਆਂ ਹਨ। ਉਨ੍ਹਾ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।