ਹੰਗਰੀ ਤੇ ਅਲਜੀਰੀਆ ਦੇ ਸਫਲ ਦੌਰੇ ਮਗਰੋਂ ਅੰਸਾਰੀ ਵਤਨ ਪਰਤੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਹੰਗਰੀ ਅਤੇ ਅਲਜੀਰੀਆ ਦੇ ਪੰਜ ਦਿਨਾ ਦੌਰੇ ਤੋਂ ਬਾਅਦ ਅੱਜ ਸਵੇਰੇ ਵਤਨ ਪਰਤ ਆਏ ਹਨ। ਉਹਨਾਂ ਦਾ ਹੰਗਰੀ ਅਤੇ ਅਲਜੀਰੀਆ ਦੌਰਾ ਬਹੁਤ ਹੀ ਸਫਲ ਮੰਨਿਆ ਜਾ ਰਿਹਾ ਹੈ। ਹਾਮਿਦ ਅੰਸਾਰੀ ਦੇ ਇਸ ਦੌਰੇ ਦੌਰਾਨ ਭਾਰਤ ਨੇ ਹੰਗਰੀ ਅਤੇ ਅਲਜੀਰੀਆ ਨਾਲ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ।
ਉਨ੍ਹਾ ਦੇ ਇਸ ਦੌਰੇ ਦੌਰਾਨ ਹੰਗਰੀ ਅਤੇ ਅਲਜੀਰੀਆ ਨੇ ਸਪੱਸ਼ਟ ਕੀਤਾ ਹੈ ਕਿ ਅੱਤਵਾਦ ਇੱਕ ਬੁਰਾਈ ਹੈ ਅਤੇ ਇਸ ਨੂੰ ਮਿਲ ਕੇ ਦੁਨੀਆ 'ਚੋਂ ਖਤਮ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਹਾਮਿਦ ਅੰਸਾਰੀ ਨੇ ਹੰਗਰੀ ਦੇ ਦੌਰੇ ਦੌਰਾਨ ਉੱਥੋਂ ਦੇ ਰਾਸ਼ਟਰਪਤੀ ਜਾਨੇਸ਼ ਅਦੀਰ ਅਤੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨਾਲ ਮੁਲਾਕਾਤ ਕੀਤੀ। ਦੋਹਾਂ ਮੁਲਕਾਂ ਦੀ ਲੀਡਰਸ਼ਿਪ ਨੇ ਅਹਿਦ ਲਿਆ ਕਿ ਅੱਤਵਾਦ ਦੇ ਖਤਰੇ ਨਾਲ ਨਜਿੱਠਣ ਲਈ ਕੌਮਾਂਤਰੀ ਪੱਧਰ 'ਤੇ ਕੋਈ ਕਾਨੂੰਨੀ ਤਾਣਾ-ਬਾਣਾ ਕਾਇਮ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰੇ ਦੌਰਾਨ ਭਾਰਤ ਅਤੇ ਹੰਗਰੀ ਵਾਟਰ ਮੈਨੇਜਮੈਂਟ ਸਮੇਤ 2 ਸਮਝੌਤਿਆਂ 'ਤੇ ਦਸਤਖਤ ਕੀਤੇ। ਇਸ ਤੋਂ ਪਹਿਲਾਂ ਅਲਜੀਰੀਆ ਦੇ ਦੌਰੇ ਦੌਰਾਨ ਭਾਰਤ ਅਤੇ ਅਲਜੀਰੀਆ ਨੇ ਅੱਤਵਾਦ ਵਿਰੁੱਧ ਲੜਾਈ 'ਚ ਆਪਣਾ ਸੰਕਲਪ ਦੁਹਰਾਇਆ, ਜੋ ਕਿ ਇਸ ਵੇਲੇ ਦੁਨੀਆ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਬਣਿਆ ਹੋਇਆ ਹੈ। ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਅਲਜੀਰੀਆ ਦੀ ਰਾਜਧਾਨੀ ਅਲਜੀਰੀਅਸ ਵਿੱਚ ਉੱਥੋਂ ਦੀ ਸੰਸਦ ਦੇ ਮੁਖੀ ਮੁਹੰਮਦ ਲਾਰਬੀ ਉਲਦ ਖਲੀਫਾ ਅਤੇ ਕੌਮੀ ਕੌਂਸਲ ਦੇ ਮੁਖੀ ਅਬਦੇਲ ਕਾਦੇਲ ਬੇਨ ਸਲਾਹ ਨਾਲ ਵੱਖ-ਵੱਖ ਮੀਟਿੰਗਾਂ ਵਿੱਚ ਅੱਤਵਾਦ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ। ਅੰਸਾਰੀ ਨੇ ਕਿਹਾ ਕਿ ਅੱਤਵਾਦ ਧਰਮ ਵਿਰੁੱਧ ਇੱਕ ਘੋਰ ਅਪਰਾਧ ਹੈ। ਉਪ ਰਾਸ਼ਟਰਪਤੀ ਨੇ ਅਲਜੀਰੀਆ ਨੂੰ ਸਪੱਸ਼ਟ ਕੀਤਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਤੁੱਟ ਅੰਗ ਹੈ। ਅਲਜੀਰੀਆ ਨੇ ਇਸ ਮਾਮਲੇ ਵਿੱਚ ਭਾਰਤ ਦੇ ਸਟੈਂਡ ਦੀ ਹਮਾਇਤ ਕੀਤੀ।