ਪਤਨੀ ਦੇ ਖੁਦਕੁਸ਼ੀ ਮਾਮਲੇ 'ਚ ਕਬੱਡੀ ਖਿਡਾਰੀ ਰੋਹਿਤ ਚਿੱਲਰ ਗ੍ਰਿਫਤਾਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੌਮੀ ਪੱਧਰ ਦੇ ਕਬੱਡੀ ਖਿਡਾਰੀ ਰੋਹਿਤ ਚਿੱਲਰ ਨੂੰ ਉਨ੍ਹਾਂ ਦੀ ਪਤਨੀ ਲਲਿਤਾ ਦੀ ਖੁਦਕੁਸ਼ੀ ਮਾਮਲੇ 'ਚ ਮੁੰਬਈ ਤੋਂ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅੱਜ ਉਨ੍ਹਾਂ ਦੇ ਪਿਤਾ ਨੂੰ ਵੀ ਦਿੱਲੀ ਤੋਂ ਗ੍ਰਿਫਤਾਰ ਕੀਤਾ। ਰੋਹਿਤ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਦਿੱਲੀ ਲਿਆਇਆ ਜਾ ਰਿਹਾ ਹੈ। ਰੋਹਿਤ ਦੀ ਪਤਨੀ ਨੇ ਖੁਦਕੁਸ਼ੀ ਨੋਟ 'ਚ ਆਪਣੇ ਸਹੁਰਿਆਂ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
ਲਲਿਤਾ ਦੇ ਸਹੁਰਿਆਂ ਦੁਜੇ ਵਿਆਹ ਨੂੰ ਲੈ ਕੇ ਕਥਿਤ ਰੂਪ ਨਾਲ ਉਸ ਨੂੰ ਤਾਨਾ ਦਿੰਦੇ ਰਹਿੰਦੇ ਸਨ। ਲਲਿਤਾ ਨੇ ਦੋ ਘੰਟੇ ਦਾ ਆਡੀਓ ਅਤੇ 25 ਮਿੰਟ ਦਾ ਵਿਡੀਓ ਮੈਸਜ ਮਰਨ ਤੋਂ ਪਹਿਲਾਂ ਰਿਕਾਰਡ ਕੀਤਾ ਸੀ ਜਿਸ 'ਚ ਉਸ ਨੇ ਆਪਣੇ ਸਹੁਰਿਆਂ 'ਤੇ ਦੋਸ਼ ਲਾਇਆ ਸੀ ਕਿ ਛੋਟੀ-ਛੋਟੀ ਗੱਲ 'ਤੇ ਵੀ ਉਸ 'ਤੇ ਤਸ਼ੱਦਦ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਰੋਹਿਤ ਦੀ ਪਤਨੀ ਲਲਿਤਾ ਨੇ 17 ਅਕਤੂਬਰ ਨੂੰ ਪਛਮੀ ਦਿੱਲੀ ਦੇ ਨਾਂਗਲੋਈ ਖੇਤਰ 'ਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਲਲਿਤਾ ਨੇ ਪਤੀ ਅਤੇ ਸਹੁਰਿਆਂ 'ਤੇ ਮਾਨਸਿਕ ਅਤੇ ਸ਼ਰੀਰਕ ਅਤਿਆਚਾਰ ਦਾ ਦੋਸ਼ ਲਾਇਆ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੋਹਿਤ ਮੁੰਬਈ 'ਚ ਸਮੁੰਦਰੀ ਫ਼ੌਜ 'ਚ ਮਾਵਾਜ਼ਮ ਹਨ। ਰੋਹਿਤ ਪ੍ਰੋ-ਕਬੱਡੀ ਲੀਗ 'ਚ ਬੰਗਲੁਰੂ ਦੀ ਕਪਤਾਨਗੀ ਕਰਦਾ ਹੈ। ਇਕ ਸੀਨੀਅਰ ਅਧਿਕਾਰੀ ਅਨੁਸਾਰ ਲਲਿਤਾ ਦੇ ਮਾਤਾ-ਪਿਤਾ ਨੇ ਐੱਸ ਡੀ ਐੱਮ ਨੂੰ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਲਲਿਤਾ ਦੇ ਪਤੀ ਅਤੇ ਸਹੁਰਿਆਂ 'ਤੇ ਤਸ਼ੱਦਦ ਕਰਨ ਦਾ ਦੋਸ਼ ਲਾਇਆ ਹੈ।