ਪੰਜਾਬ ਪੁਲਸ ਹਰ ਤਰ੍ਹਾਂ ਸਮਰੱਥ ਤੇ ਸੁਚੇਤ : ਡੀ ਜੀ ਪੀ

ਜਲੰਧਰ (ਸ਼ੈਲੀ ਐਲਬਰਟ)
ਪੰਜਾਬ ਪੁਲਸ ਅਮਨ ਕਾਨੂੰਨ, ਅੱਤਵਾਦ ਅਤੇ ਨਸ਼ਾਖੋਰੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਸਮਰੱਥ ਤੇ ਸੁਚੇਤ ਹੈ। ਪੁਲਸ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 106 ਕਰੋੜ ਰੁਪਏ ਦੇ ਫੰਡ ਜਾਰੀ ਹੋ ਚੁੱਕੇ ਹਨ। ਪੰਜਾਬ ਦਾ ਜ਼ਿਆਦਾ ਬਾਰਡਰ ਏਰੀਆ ਹੋਣ ਕਰਕੇ ਪੰਜਾਬ ਪੁਲਸ ਦੀ ਸੈਕੰਡ ਡਿਫੈਂਸ ਲਾਈਨ ਬਣਾਈ ਜਾ ਰਹੀ ਹੈ ਅਤੇ ਕੇਂਦਰ ਤੋਂ 5 ਬਟਾਲੀਅਨਾਂ ਬਣਾਉਣ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ 2 ਬਟਾਲੀਅਨਾਂ ਬਣਾਉਣ ਦੀ ਪ੍ਰਵਾਨਗੀ ਮਿਲ ਗਈ ਹੈ। ਬਾਰਡਰ ਏਰੀਆ ਹੋਣ ਕਰਕੇ ਜ਼ਿਆਦਾ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਪੰਜਾਬ ਪੁਲਸ ਨੂੰ ਆਧੁਨਿਕ ਤਕਨੀਕ ਅਤੇ ਮਿਲਟਰੀ ਨਾਲ ਟ੍ਰੇਨਿੰਗ ਕਰਵਾ ਕੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਕਾਊਂਟਰ ਇੰਟੈਲੀਜੈਂਸੀ ਦੇ ਏ ਆਈ ਜੀ ਅਤੇ ਐੱਸ ਪੀ ਓਪਰੇਸ਼ਨ ਵਿੰਗ ਦੇ ਨਵੇਂ ਅਹੁਦੇ ਵੀ ਬਣਾਏ ਗਏ ਹਨ। ਪੁਲਸ ਵਿਭਾਗ ਵਿੱਚ ਬਣਦੀਆਂ ਤਰੱਕੀਆਂ ਜਲਦੀ ਹੀ ਕਰ ਦਿੱਤੀਆਂ ਜਾਣਗੀਆਂ। ਹੁਣ ਪੰਜਾਬ ਪੁਲਸ ਵੱਲੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਥਾਣੇ ਦੇ ਮਾਲਖਾਣਿਆਂ ਵਿੱਚ ਨਹੀਂ ਰੱਖੇ ਜਾਣਗੇ, ਹਰ ਜ਼ਿਲ੍ਹੇ ਵਿੱਚ ਸੈਂਟਰ ਬਣਾਏ ਜਾਣਗੇ। ਇਨ੍ਹਾਂ ਸੈਂਟਰਾਂ ਦੀ ਨਿਗਰਾਨੀ ਸੀ ਸੀ ਟੀ ਵੀ ਕੈਮਰੇ ਰਾਹੀਂ ਕੀਤੀ ਜਾਵੇਗੀ ਅਤੇ ਐੱਸ ਪੀ ਪੱਧਰ ਦਾ ਅਧਿਕਾਰੀ ਇਸ ਦੀ ਜਾਂਚ ਪੜਤਾਲ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਸੁਰੇਸ਼ ਅਰੋੜਾ, ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਨੇ ਪੀ ਏ ਪੀ ਕੈਂਪਸ ਜਲੰਧਰ ਵਿਖੇ ਸਟੇਟ ਪੱਧਰ ਦੇ 57ਵੇਂ ਪੁਲਸ ਕੋਮੈਮੋਰੇਸ਼ਨ ਡੇਅ 'ਤੇ ਸ਼ਰਧਾਂਜਲੀ ਦੇਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦਲੇਰ ਅਤੇ ਕਾਬਲ ਫੋਰਸ ਹੈ। ਇਸ ਦਾ ਇਤਿਹਾਸ ਬੇਮਿਸਾਲ ਬਹਾਦਰੀ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਰਾਜ ਅਤੇ ਦੇਸ਼ ਵਿੱਚ ਅਮਨ, ਸੁਰੱਖਿਆ ਅਤੇ ਖੁਸ਼ਹਾਲੀ ਦਾ ਮਾਹੌਲ ਹੈ। ਉਨ੍ਹਾਂ ਇਸ ਮੌਕੇ ਪੰਜਾਬ ਪੁਲਸ ਦੇ ਅਫਸਰਾਂ ਅਤੇ ਜਵਾਨਾਂ ਨੂੰ ਸ਼ਹੀਦਾਂ ਦੀ ਬਹਾਦਰੀ ਅਤੇ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਜਿਸ ਅਮਨ-ਸ਼ਾਂਤੀ ਵਾਸਤੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ, ਨੂੰ ਬਰਕਰਾਰ ਰੱਖਣ ਲਈ ਦ੍ਰਿੜ੍ਹ ਨਿਸ਼ਚੇ ਕਰਨ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਸ਼ਹੀਦ ਸਾਥੀਆਂ ਦੇ ਪਰਵਾਰਾਂ ਨੂੰ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਮਾਣ-ਸਨਮਾਨ ਰੱਖਣਾ ਸਾਡਾ ਫਰਜ਼ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਾਦਤ ਦੇਣ ਵਾਲੇ ਜਵਾਨਾਂ ਦੇ ਪਰਵਾਰਾਂ ਨੂੰ ਨੌਕਰੀਆਂ ਉਨ੍ਹਾਂ ਦੇ ਬੱਚੇ ਦੀ ਯੋਗਤਾ ਅਨੁਸਾਰ ਦੇਣ ਲਈ ਅਮਲੀ ਜਾਮਾ ਦਿੱਤਾ ਜਾਵੇਗਾ, ਨਾ ਕਿ ਰੈਂਕ ਅਨੁਸਾਰ। ਉਨ੍ਹਾਂ ਦੱਸਿਆ ਕਿ ਇਕ ਦਹਾਕਾ ਚੱਲੇ ਅੱਤਵਾਦ ਦੌਰਾਨ ਪੰਜਾਬ ਪੁਲਸ ਦੇ 2719 ਅਫਸਰ ਅਤੇ ਜਵਾਨਾਂ ਨੇ ਅੱਤਵਾਦ ਵਿਰੁੱਧ ਲੜਦਿਆਂ ਦੇਸ਼ ਦੀ ਰੱਖਿਆ ਕਰਦਿਆਂ ਡਿਊਟੀ ਦੌਰਾਨ ਸ਼ਹੀਦ ਹੋਏ ਹਨ। ਇਸ ਸਾਲ ਭਾਰਤ ਵਿੱਚ 473 ਪੁਲਸ ਅਫਸਰ ਅਤੇ ਜਵਾਨ ਸ਼ਹੀਦ ਹੋਏ ਹਨ। ਇਸ ਮੌਕੇ ਉਨ੍ਹਾਂ ਨੇ ਪੀ ਏ ਪੀ ਕੰਪਲੈਕਸ ਵਿੱਚ ਬਣੇ ਸ਼ਹੀਦੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਦਿਨਕਰ ਗੁਪਤਾ, ਆਈ ਪੀ ਐੱਸ, ਏ ਡੀ ਜੀ ਪੀ/ਐਡਮਨ ਅਤੇ ਸੀ ਪੀ ਸ੍ਰੀ ਬੀ ਕੇ ਉਪਲ, ਏ ਡੀ ਜੀ ਪੀ/ਵੈੱਲਫੇਅਰ, ਪੰਜਾਬ, ਸੰਜੀਵ ਕਾਲੜਾ, ਏ ਡੀ ਜੀ ਪੀ/ਆਰਮਡ ਬਨਜ਼, ਪ੍ਰਬੋਧ ਕੁਮਾਰ, ਏ ਡੀ ਜੀ ਪੀ/ ਆਈ ਵੀ ਸੀ, ਪੰਜਾਬ, ਸ੍ਰੀ ਐੱਲ ਕੇ ਯਾਦਵ, ਆਈ ਜੀ ਪੀ/ਪੀ ਏ ਪੀ, ਅਰੁਨ ਪਾਲ ਸਿੰਘ, ਆਈ ਜੀ ਪੀ/ਟਰੇਨਿੰਗ ਅਤੇ ਅਪਰੇਸ਼ਨ, ਆਰਮਡ ਬਨਜ਼, ਟੀ ਪੀ ਸਿੰਘ ਆਈ ਜੀ ਪੀ/ਆਈ ਵੀ ਸੀ ਪੰਜਾਬ, ਆਰ ਪੀ ਐੱਸ ਬਰਾੜ, ਆਈ ਜੀ ਪੀ/ ਟ੍ਰੈਫਿਕ, ਪੰਜਾਬ ਵਿਭੂ ਰਾਜ, ਆਈ ਜੀ ਪੀ/ਆਰਥਿਕ ਅਪਰਾਧ ਸ਼ਾਖਾ ਅਨੀਤਾ ਪੁੰਜ, ਆਈ ਜੀ ਪੀ/ਟਰੇਨਿੰਗ, ਐੱਸ ਕੇ ਸਿੰਘ, ਆਈ ਜੀ ਪੀ/ਹਿਊਮਨ ਰਾਈਟਸ ਅਤੇ ਸਕਿਉਰਟੀ, ਅਰਪਿਤ ਸ਼ੁਕਲਾ, ਕਮਿਸ਼ਨਰ ਪੁਲਸ, ਜਲੰਧਰ, ਬਾਬੂ ਲਾਲ ਮੀਨਾ, ਡੀ ਆਈ ਜੀ/ ਪ੍ਰਸ਼ਾਸਨ, ਪੀ ਏ ਪੀ ਇੰਦਰਵੀਰ ਸਿੰਘ, ਏ ਆਈ ਜੀ/ ਪ੍ਰਸੋਨਲ-2 ਅਤੇ ਵੱਖ-ਵੱਖ ਜ਼ਿਲ੍ਹਿਆਂ ਅਤੇ ਯੂਨਿਟਾਂ ਦੇ ਅਫਸਰ, ਐੱਨ.ਜੀ.ਓਜ਼, ਓ. ਆਰਜ਼ ਅਤੇ ਸ਼ਹੀਦ ਜਵਾਨਾਂ ਦੇ ਪਰਵਾਰਕ ਮੈਂਬਰ ਵੀ ਹਾਜ਼ਰ ਸਨ।