ਪਾਇਲਟ ਦੀ ਸਮਝਦਾਰੀ ਨਾਲ ਹਵਾਈ ਹਾਦਸਾ ਟਲਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗੋਆ ਦੇ ਅਸਮਾਨ 'ਚ ਪਾਇਲਟਾਂ ਦੀ ਅਕਲਮੰਦੀ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜੇ ਹਾਦਸਾ ਹੋ ਜਾਂਦਾ ਤਾਂ ਬਹੁਤੇ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਵਿੱਚ ਚਲੀਆਂ ਜਾਂਦੀਆਂ। ਗੋਆ ਦੇ ਅਸਮਾਨ 'ਚ ਇਹ ਹਾਦਸਾ ਉਸ ਸਮੇਂ ਹੋ ਜਾਣਾ ਸੀ, ਜਦ ਦੋ ਹਵਾਈ ਜਹਾਜ਼ ਇਕ ਦੁਜੇ ਦੇ ਬਹੁਤੇ ਨੇੜੇ ਆ ਗਏ। ਅਸਲ 'ਚ ਸਪਾਈਸ ਜੈਟ ਦੀ ਫਲਾਈਟ ਨੰਬਰ ਐੱਸ ਜੀ 3604 ਗੋਆ ਤੋਂ ਹੈਦਰਾਬਾਦ ਜਾ ਰਹੀ ਸੀ, ਉਸੇ ਵੇਲੇ ਗੋ-ਏਅਰ ਦੇ ਫਲਾਈਟ ਨੰਬਰ ਜੀ 8 141 ਮੁੰਬਈ ਤੋਂ ਗੋਆ ਜਾ ਰਹੀ ਸੀ। ਸਪਾਈਸ ਜੈਟ ਦੀ ਫਲਾਈਟ ਜਿੱਥੇ ਕੁਝ ਸਮੇਂ ਪਹਿਲਾਂ ਉਡਾਰੀ ਪਰ ਚੁਕੀ ਸੀ ਉੱਥੇ ਗੋ-ਏਅਰ ਦੀ ਫਲਾਈਟ ਲੈਂਡਿੰਗ ਨੂੰ ਤਿਆਰ ਸੀ। ਇਸ ਦਰਮਿਆਨ ਇਹ ਦੋਵੇਂ ਜਹਾਜ਼ ਇਕ ਦੁਜੇ ਦੇ ਕੋਲ ਆ ਗਏ। ਇਸ ਦੌਰਾਨ ਸਪਾਈਸ ਜੈਟ ਦੇ ਜਹਾਜ਼ ਦਾ ਅਲਾਰਮ ਚਲ ਪਿਆ। ਇਹ ਅਲਾਰਮ ਜਹਾਜ਼ਾਂ ਦੇ ਕੋਲ ਆਉਣ ਅਤੇ ਹੋਣ ਵਾਲੇ ਹਾਦਸੇ ਨੂੰ ਰੋਕਣ ਲਈ ਤੁਰੰਤ ਐਕਸ਼ਨ ਲੈਣ ਲਈ ਲਾਇਆ ਜਾਂਦਾ ਹੈ। ਇਸ ਤੋਂ ਬਾਅਦ ਪਾਇਲਟ ਨੇ ਤੁਰੰਤ ਫੈਸਲਾ ਲੈਂਦੇ ਹੋਏ ਇਸ ਹਾਲਾਤ ਨੂੰ ਆਪਣੀ ਅਕਲਮੰਦੀ ਨਾਲ ਸੰਭਾਲਦੇ ਹੋਏ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾ ਲਿਆ। ਇਸ ਤੋਂ ਬਾਅਦ ਦੋਵੇਂ ਜਹਾਜ਼ ਕੰਪਨੀਆਂ ਨੇ ਹਾਦਸੇ ਦੇ ਕਾਰਨ ਲਈ ਇਕ ਦੁਜੇ 'ਤੇ ਦੋਸ਼ ਲਾਇਆ। ਸਪਾਈਸ ਜੈਟ ਦੇ ਅਧਿਕਾਰੀਆਂ ਨੇ ਆਪਣੇ ਜਹਾਜ਼ ਦੇ ਪਾਇਲਟ ਦੀ ਸ਼ਲਾਘਾ ਕਰਦੇ ਹੋਏ ਗੋ-ਏਅਰ ਦੇ ਪਾਇਲਟ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੋ-ਏਅਰ ਦੇ ਪਾਇਲਟ ਨੇ ਨਿਅਮਾਂ ਦੀ ਪਾਲਣਾ ਨਹੀਂ ਕੀਤੀ ਜਿਸ ਕਾਰਣ ਇਸ ਤਰ੍ਹਾਂ ਦਾ ਹਾਦਸਾ ਹੋਇਆ। ਉੱਥੇ ਗੋ-ਏਅਰ ਦਾ ਕਹਿਣਾ ਹੈ ਕਿ ਡਾਇਰੈਕਟਰ ਜਨਰਲ ਆਫ ਸਿਵਿਲ ਏਵੀਏਸ਼ਨ (ਡੀ ਜੀ ਸੀ ਏ) ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਗੋਆ ਏਅਰਪੋਰਟ ਦੇ ਅਧਿਕਾਰੀਆਂ ਮੁਤਾਬਿਕ ਇਸ ਹਾਦਸੇ ਦੌਰਾਨ ਗੋਆ ਏਅਰਪੋਰਟ ਦਾ ਰਡਾਰ ਡਾਉਨ ਸੀ, ਜਿਸ ਦੇ ਚਲਦੇ ਏਅਰਮੈਨ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋ ਜਹਾਜ਼ਾਂ ਦੇ ਪਾਇਲਟਾਂ ਦਰਮਿਆਨ ਭਾਸ਼ਾ ਨੂੰ ਲੈ ਕੇ ਵੀ ਕੁਝ ਮੁਸ਼ਕਿਲ ਹੋ ਰਹੀ ਸੀ। ਹਾਲਾਂਕਿ ਇਨ੍ਹਾਂ ਜਹਾਜ਼ਾਂ 'ਚ ਮੁਸਾਫਰਾਂ ਦੀ ਗਿਣਤੀ ਨੂੰ ਲੈ ਕੇ ਕਿਸੇ ਵੀ ਕੰਪਨੀ ਨੇ ਖੁਲਾਸਾ ਨਹੀਂ ਕੀਤਾ। ਪਰ ਗੋ-ਏਅਰ ਦੇ ਏ-320 ਜਹਾਜ਼ 'ਚ 180 ਤੋਂ 186 ਮਸਾਫਿਰ ਸੀਟਾਂ ਹਨ ਜਦਕਿ ਸਪਾਈਸ ਜੈਟ ਦੇ ਕਿਊ400 'ਚ ਸਿਰਫ 78 ਮੁਸਾਫਿਰ ਸੀਟਾਂ ਹਨ।