ਆਦਿਵਾਸੀਆਂ ਦੀ ਜ਼ਮੀਨ ਖੋਹਣ ਦਾ ਅਧਿਕਾਰ ਕਿਸੇ ਨੂੰ ਨਹੀਂ : ਮੋਦੀ

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਰਾਸ਼ਟਰੀ ਜਨਜਾਤੀ ਕਾਰਨੀਵਲ 2016 ਦਾ ਉਦਘਾਟਨ ਕਰਦਿਆਂ ਕਿਹਾ ਕਿ ਆਦਿਵਾਸੀ ਲੋਕਾਂ ਦੀ ਜ਼ਮੀਨ ਖੋਹਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਮੋਦੀ ਨੇ ਦੱਸਿਆ ਕਿ ਵਣਬੰਧੂ ਕਲਿਆਣਾ ਯੋਜਨਾ ਅਧੀਨ ਜਨਜਾਤੀ ਫਿਰਕਿਆਂ ਦੀਆਂ ਲੋੜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਸ ਦਿਸ਼ਾ 'ਚ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਭਾਰਤ ਵਰਗੇ ਵਿਸ਼ੇਸ਼ ਦੇਸ਼ 'ਚ ਵਿਭਿੰਨਤਾਵਾਂ ਨੂੰ ਸੰਭਾਲੀ ਰੱਖਣਾ ਅਤੇ ਇਨ੍ਹਾਂ ਨੂੰ ਭਾਰਤ ਦੀ ਏਕਤਾ ਦੇ ਰੂਪ ਵਿਚ ਪ੍ਰਦਰਸ਼ਤ ਕਰਨਾ ਹੀ ਦੇਸ਼ ਦੀ ਤਾਕਤ ਨੂੰ ਵਧਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਆਦਿਵਾਸੀ ਲੋਕਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਕਿਸੇ ਨੇ ਜੰਗਲਾਂ ਨੂੰ ਬਚਾਇਆ ਹੈ ਤਾਂ ਉਹ ਆਦਿਵਾਸੀ ਲੋਕ ਹੀ ਹਨ, ਕਿਉਂਕਿ ਜੰਗਲ ਸੁਰੱਖਿਆ ਇਸ ਭਾਈਚਾਰੇ ਦਾ ਸੱਭਿਆਚਾਰ ਹੈ। ਇਸ ਨੇ ਕਈ ਤਕਲੀਫਾਂ ਝੱਲੀਆਂ ਹਨ, ਪਰ ਇਸ ਦੇ ਬਾਅਦ ਉਨ੍ਹਾਂ ਆਪਣੀ ਸਮਰੱਥਾ ਨਾਲ ਔਕੜਾਂ 'ਤੇ ਕਾਬੂ ਪਾਇਆ ਅਤੇ ਅੱਗੇ ਵਧਦੇ ਗਏ।
ਮੋਦੀ ਨੇ ਕਿਹਾ ਕਿ ਥੁੜ੍ਹਾਂ ਅਤੇ ਕਾਫੀ ਪ੍ਰੇਸ਼ਾਨੀਆਂ ਦਾ ਬਾਵਜੂਦ ਆਦਿਵਾਸੀ ਲੋਕਾਂ ਨੇ ਜ਼ਿੰਦਗੀ ਜਿਊਣ ਦਾ ਬਿਹਤਰ ਤਰੀਕਾ ਅਪਣਾਇਆ ਹੈ। ਹਰ ਪਲ ਖੁਸ਼ੀ-ਖੁਸ਼ੀ ਕਦਮ ਨਾਲ ਕਦਮ ਮਿਲਾ ਕੇ ਚਲਣਾ, ਸੰਕਟਾਂ 'ਚ ਜਿਊਣਾ, ਸ਼ਿਕਾਇਤ ਨਾ ਕਰਨਾ ਅਤੇ ਸਮੂਹ 'ਚ ਰਹਿਣਾ ਆਦਿਵਾਸੀ ਭਾਈਚਾਰੇ ਤੋਂ ਸਿੱਖਣਾ ਚਾਹੀਦਾ ਹੈ।