ਨਵਾਜ਼ ਦੀ ਸ਼ਰਾਫ਼ਤ ਬੇਨਕਾਬ; ਉੜੀ ਹਮਲੇ 'ਚ ਪਾਕੀ ਅੱਤਵਾਦੀਆਂ ਦੇ ਹੱਥ ਬਾਰੇ ਗੁਜਰਾਂਵਾਲਾ 'ਚ ਲੱਗੇ ਪੋਸਟਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਦੀ ਨਵਾਜ਼ ਸਰਕਾਰ ਦਾ ਝੂਠ ਬੇਨਕਾਬ ਹੋ ਗਿਆ ਹੈ। ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ 'ਚ ਅੱਤਵਾਦੀ ਸੰਗਠਨ ਲਸ਼ਕਰ-ਇ-ਤਾਇਬਾ ਨੇ ਕਈ ਪੋਸਟਰ ਲਗਾਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਉਨ੍ਹਾਂ ਚਾਰ ਵਿੱਚੋਂ ਇੱਕ ਅੱਤਵਾਦੀ ਦਾ ਅੰਤਮ ਸੰਸਕਾਰ ਕਰੇਗਾ, ਜਿਹੜਾ ਭਾਰਤੀ ਫ਼ੌਜ ਦੀ 12ਵੀਂ ਬ੍ਰਿਗੇਡ 'ਤੇ ਹਮਲੇ 'ਚ ਸ਼ਾਮਲ ਸੀ, ਜਿਸ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ।
ਇਹ ਪੋਸਟਰ ਭਾਰਤ ਦੇ ਉਨ੍ਹਾਂ ਦੋਸ਼ਾਂ ਦੇ ਪੁਖਤਾ ਸਬੂਤ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਪਾਕਿਸਤਾਨ ਅਧਾਰਤ ਅੱਤਵਾਦੀ ਸੰਗਠਨਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ, ਹਾਲਾਂਕਿ ਪਾਕਿਸਤਾਨ ਸਰਕਾਰ ਹੁਣ ਤੱਕ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਹੈ।
ਇੱਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਅਨੁਸਾਰ ਉਸ ਪੋਸਟਰ 'ਚ ਇੱਕ ਅੱਤਵਾਦੀ ਦਾ ਨਾਂਅ ਮੁਹੰਮਦ ਅਨਾਸ ਦੱਸਿਆ ਗਿਆ ਹੈ, ਜਿਹੜਾ ਅਬੂ ਸਿਰਕਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਲਸ਼ਕਰ ਨੇ ਆਪਣੇ ਪੋਸਟਰ 'ਚ ਸਥਾਨਕ ਲੋਕਾਂ ਨੂੰ ਅਬੂ ਸਿਰਕਾ ਲਈ ਹੋਣ ਵਾਲੀ ਆਖ਼ਰੀ ਨਮਾਜ਼ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਇਸ ਪੋਸਟਰ 'ਚ ਲਸ਼ਕਰ ਸਰਗਨਾ ਹਾਫ਼ਿਜ਼ ਸਈਦ ਦੀ ਤਸਵੀਰ ਲੱਗੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਆਖਰੀ ਨਮਾਜ਼ ਪੰਜਾਬ ਸੂਬੇ ਦੇ ਗੁਜਰਾਂਵਾਲਾ 'ਚ ਗਿਰਜਖ ਦੇ ਕੋਲ ਵੱਡੇ ਕੁੱਲਾ 'ਚ ਹੋਵੇਗੀ।
ਭਾਰਤ ਲਗਾਤਾਰ ਉੜੀ ਹਮਲੇ ਲਈ ਜੈਸ਼ ਇ ਮੁਹੰਮਦ ਨੂੰ ਦੋਸ਼ੀ ਕਰਾਰ ਦਿੰਦਾ ਆ ਰਿਹਾ ਹੈ। ਹਮਲੇ ਵਾਲੀ ਥਾਂ ਤੋਂ ਪਾਕਿਸਤਾਨ 'ਚ ਬਣੇ ਪੇਨਕਿਲਰਜ਼, ਸਰਿੰਜ, ਦਵਾਈਆਂ ਅਤੇ ਖਾਣ ਲਈ ਤਿਆਰ ਖਾਧ ਪਦਾਰਥਾਂ ਦੇ ਪੈਕੇਟ ਮਿਲੇ ਸਨ। ਸਰਕਾਰੀ ਸੂਤਰਾਂ ਅਨੁਸਾਰ ਅੱਤਵਾਦੀਆਂ ਨੂੰ ਘੁਸਪੈਠ 'ਚ ਮਦਦ ਦੇਣ ਦੇ ਦੋਸ਼ ਹੇਠ ਦੋ ਲੋਕਾਂ ਅਹਿਸਾਨ ਖੁਰਸ਼ੀਦ ਅਤੇ ਫੈਸਲ ਅਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਨੋਂ ਲਗਾਤਾਰ ਵਿਰੋਧਾਭਾਸੀ ਬਿਆਨ ਦੇ ਰਹੇ ਹਨ। ਹਾਲਾਂਕਿ ਅਜਿਹਾ ਜਾਪ ਰਿਹਾ ਹੈ ਕਿ ਉਨ੍ਹਾਂ ਨੂੰ ਅੱਤਵਾਦੀ ਹਮਲੇ ਦੀ ਜਾਣਕਾਰੀ ਸੀ। ਜ਼ਿਕਰਯੋਗ ਹੈ ਕਿ 18 ਸਤੰਬਰ ਨੂੰ ਉੜੀ 'ਚ ਫ਼ੌਜੀ ਕੈਂਪ 'ਤੇ ਹਮਲਾ ਹੋਇਆ ਸੀ, ਜਿਸ ਵਿੱਚ 20 ਜਵਾਨ ਸ਼ਹੀਦ ਹੋ ਗਏ ਸਨ ਤੇ 4 ਅੱਤਵਾਦੀ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਜਾ ਕੇ 7 ਅੱਤਵਾਦੀ ਕੈਂਪ ਤਬਾਹ ਕਰ ਦਿੱਤੇ ਸਨ ਤੇ 50 ਅੱਤਵਾਦੀ ਮਾਰਨ ਦਾ ਦਾਅਵਾ ਕੀਤਾ ਸੀ।