ਨਿਊਜ਼ੀਲੈਂਡ ਵੱਲੋਂ ਐੱਨ ਐੱਸ ਜੀ ਦੀ ਮੈਂਬਰੀ ਲਈ ਭਾਰਤ ਦੀ ਹਮਾਇਤ

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ ਭਾਰਤ ਦੇ ਦੌਰੇ 'ਤੇ ਆਏ ਹੋਏ ਹਨ। ਬੁੱਧਵਾਰ ਨੂੰ ਉਹਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾ ਦੀ ਜਾਨ ਕੀ ਨਾਲ ਦੁਵੱਲੇ ਅਤੇ ਬਹੁਪੱਖੀ ਸਹਿਯੋਗ 'ਚ ਵਾਧੇ ਬਾਰੇ ਲਾਭਦਾਇਕ ਚਰਚਾ ਹੋਈ ਹੈ। ਉਹਨਾ ਦੱਸਿਆ ਕਿ ਮੀਟਿੰਗ ਦੌਰਾਨ ਵਪਾਰ ਅਤੇ ਨਿਵੇਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰੀ ਫੇਰ ਅੱਤਵਾਦ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਅੱਤਵਾਦ ਵਿਸ਼ਵ ਸ਼ਾਂਤੀ ਨੂੰ ਪ੍ਰਭਾਵਤ ਕਰਨ ਵਾਲੀਆਂ ਪ੍ਰਮੁੱਖ ਚੁਣੌਤੀਆਂ 'ਚੋਂ ਇੱਕ ਹੈ। ਦੋਹਾਂ ਦੇਸ਼ਾਂ ਵਿਚਾਲੇ ਅੱਤਵਾਦ ਵਿਰੁੱਧ ਸੁਰੱਖਿਆ ਅਤੇ ਖੁਫੀਆ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਹੋਈ।
ਸ੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਸਥਾਈ ਮੈਂਬਰੀ ਲਈ ਭਾਰਤ ਨੂੰ ਸ਼ਾਮਲ ਕੀਤੇ ਜਾਣ 'ਤੇ ਨਿਊਜ਼ੀਲੈਂਡ ਦੀ ਹਮਾਇਤ ਲਈ ਧੰਨਵਾਦ ਕੀਤਾ। ਉਧਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਦੁਵੱਲੇ ਸੰਬੰਧ ਪਹਿਲਾਂ ਹੀ ਕਾਫੀ ਮਜ਼ਬੂਤ ਹਨ ਅਤੇ ਖਾਸ ਤੌਰ 'ਤੇ ਵਪਾਰ ਦੇ ਖੇਤਰ ਵਿੱਚ ਆਪਸੀ ਚੰਗੇ ਰਿਸ਼ਤੇ ਹਨ।
ਜਾਨ ਕੀ ਨੇ ਵੀ ਅੱਤਵਾਦ ਦੇ ਮੁੱਦੇ ਬਾਰੇ ਭਾਰਤ ਦੀਆਂ ਚਿੰਤਾਵਾਂ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਵੀ ਅੱਤਵਾਦ ਦੇ ਮੁੱਦੇ 'ਤੇ ਭਾਰਤ ਨਾਲ ਸਹਿਯੋਗ ਕਰਨ ਦੇ ਇਛੁੱਕ ਹਨ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਮਾਣੂ ਪੂਰਤੀਕਾਰ ਗਰੁੱਪ ਐੱਨ ਐੱਸ ਜੀ ਦਾ ਮੈਂਬਰ ਬਣਨ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕੀਤੀ। ਜਾਨ ਕੀ ਨੇ ਕਿਹਾ ਕਿ ਉਹਨਾ ਨੇ ਮੋਦੀ ਨਾਲ ਐੱਨ ਐੱਚ ਜੀ ਦੀ ਮੈਂਬਰੀ ਦੀ ਗੱਲਬਾਤ ਕੀਤੀ ਹੈ। ਜਾਨ ਕੀ ਨੇ ਕਿਹਾ ਕਿ ਉਹ ਭਾਰਤ ਦੇ ਐੱਨ ਐੱਸ ਜੀ ਦਾ ਮੈਂਬਰ ਬਨਣ ਦੇ ਮਹੱਤਵ ਨੂੰ ਸਮਝਦੇ ਹਨ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਨੂੰ ਐੱਨ ਐੱਸ ਜੀ ਦਾ ਮੈਂਬਰ ਬਣਾਉਣ ਲਈ ਯਤਨ ਕਰਦੇ ਰਹਿਣਗੇ।
ਇਸ ਤੋਂ ਬਾਅਦ ਜਾਨ ਕੀ ਦਾ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਜਾਨ ਕੀ ਆਪਣੇ ਇਸ ਦੌਰੇ ਦੌਰਾਨ ਕੋਚੀ ਵਿਖੇ ਬਣ ਰਹੇ ਨਵੇਂ ਕੋਚੀ ਅੰਤਰ ਰਾਸ਼ਟਰੀ ਟਰਮੀਨਲ ਦਾ ਦੌਰਾ ਵੀ ਕਰਨਗੇ। ਇਸ ਟਰਮੀਨਲ ਦਾ ਨਿਰਮਾਣ ਨਿਊਜ਼ੀਲੈਂਡ ਦੀ ਇੱਕ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਜਾਨ ਕੀ ਨਾਲ ਵਪਾਰੀਆਂ ਅਤੇ ਸਿੱਖਿਆ ਸ਼ਾਸਤਰੀਆਂ ਦਾ ਇੱਕ ਵਫਦ ਵੀ ਭਾਰਤ ਦੇ ਦੌਰੇ 'ਤੇ ਆਇਆ ਹੈ।
ਬਾਅਦ ਵਿੱਚ ਜਾਨ ਕੀ ਰਾਜਘਾਟ ਵਿਖੇ ਗਏ ਅਤੇ ਉਹਨਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।