ਪੰਚਾਇਤਾਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਵਿਕਾਸ ਕਾਰਜ ਨੇਪਰੇ ਚਾੜ੍ਹਨ : ਬਾਦਲ


ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ)
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ 2 ਦਿਨਾ ਸੰਗਤ ਦਰਸਨ ਦੌਰਾਨ ਅੱਜ ਪਹਿਲੇ ਦਿਨ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹਲਕਾ ਇੰਚਾਰਜ ਸੁੱਚਾ ਸਿੰਘ ਲੰਗਾਹ ਵਲੋਂ ਆਯੋਜਿਤ ਸੰਗਤ ਦਰਸ਼ਨ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ 154 ਪਿੰਡਾਂ ਨੂੰ 5 ਕਰੋੜ 81 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ। ਇਸ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਇੱਕ ਮਾਤਰ ਸੂਬਾ ਹੈ, ਜਿਥੇ ਬਿਜਲੀ ਸਰਪਲੱਸ ਹੈ, ਸੜਕੀ ਮਾਰਗਾਂ ਦਾ ਜਾਲ ਵਿਛਾ ਦਿੱਤਾ ਗਿਆ ਅਤੇ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਸਰਕਾਰ ਵਲੋਂ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਫਰੀ ਬਿਜਲੀ ਦੇ ਯੂਨਿਟ, ਲੋੜਵੰਦ ਪਰਵਾਰਾਂ ਨੂੰ ਆਟਾ-ਦਾਲ ਸਕੀਮ, ਵੱਖ-ਵੱਖ ਧਰਮ ਦੇ ਲੋਕਾਂ ਨੂੰ ਫਰੀ ਧਾਰਮਿਕ ਯਾਤਰਾਵਾਂ ਕਰਵਾਉਣ, ਸਕੂਲ ਜਾਣ ਲਈ ਲੜਕੀਆਂ ਨੂੰ ਸਾਈਕਲਾਂ ਦੀ ਵੰਡ, ਕਿਸਾਨਾਂ ਅਤੇ ਲੋਕਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਫਰੀ ਇਲਾਜ ਕਰਵਾਉਣ ਦੀ ਸਹੂਲਤ ਸਮੇਤ ਪੰਜਾਬ ਸਰਕਾਰ ਵਲੋਂ ਅਣਗਿਣਤ ਅਜਿਹੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਚੈੱਕ ਵੰਡਦਿਆਂ ਪੰਚਾਇਤਾਂ ਨੂੰ ਕਿਹਾ ਕਿ ਉਹ ਚੋਣ ਜ਼ਾਬਤੇ ਦੇ ਲੱਗਣ ਤੋਂ ਪਹਿਲਾਂ-ਪਹਿਲਾਂ ਵਿਕਾਸ ਕਾਰਜ ਨੇਪੜੇ ਚੜ੍ਹਾ ਲੈਣ ਨਹੀਂ ਤਾਂ ਚੋਣ ਜ਼ਾਬਤੇ ਵਿਚ ਵਿਕਾਸ ਕਾਰਜਾਂ ਦੇ ਚੈੱਕ ਵਾਪਸ ਚਲੇ ਜਾਣਗੇ। ਉਨ੍ਹਾਂ ਕਾਂਗਰਸ ਨੂੰ ਸਿੱਖ ਅਤੇ ਪੰਜਾਬ ਵਿਰੋਧੀ ਗਰਦਾਨਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਵਾਲੀ ਅਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਕਰਵਾਉਣ ਵਾਲੀ ਪਾਰਟੀ ਨੂੰ ਲੋਕ ਮੂੰਹ ਨਾ ਲਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕਰਜ਼ੇ ਖਤਮ ਕਰਨ ਦੇ ਝੂਠੇ ਲਾਰੇ ਨਾਲ ਲੋਕ ਗੁੰਮਰਾਹ ਨਾ ਹੋਣ ਅਤੇ ਪੰਜਾਬ ਦੇ ਤਰੱਕੀ ਲਈ ਮੁੜ ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ ਵਿਚ ਲਿਆਉਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਹਮੇਸ਼ਾਂ ਹੀ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਹੁਣ ਜੇਕਰ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ ਨੂੰ ਦੇਣ ਦਾ ਫੈਸਲਾ ਆਇਆ ਤਾਂ ਮੁੜ ਅਕਾਲੀ ਦਲ ਸੰਘਰਸ਼ ਸ਼ੁਰੂ ਕਰ ਦੇਵੇਗਾ। ਇਸ ਮੌਕੇ ਜਦ ਪੱਤਰਕਾਰਾਂ ਨੇ ਆਪਣੀਆਂ ਅਹਿਮ ਮੰਗਾਂ ਵੱਲ ਧਿਆਨ ਦੁਆਇਆ ਤਾਂ ਬਾਦਲ ਵੱਲੋਂ ਮੰਗਾਂ ਨੂੰ ਤਾਂ ਧਿਆਨ ਨਾਲ ਸੁÎਣਿਆ ਗਿਆ, ਪਰ ਜੁਆਬ ਦੇਣ ਦੀ ਬਜਾਏ ਮੰਗਾਂ ਨੂੰ ਹਾਸੇ ਨਾਲ ਹੀ ਟਾਲ ਦਿੱਤਾ ਗਿਆ। ਂਿÂਸ ਮੌਕੇ ਬਾਦਲ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਮੇਰਾ ਤੜਕੇ ਤੋਂ ਗਲਾ ਖਰਾਬ ਹੈ, ਜਿਹੜਾ ਮੈਨੂੰ ਚਾਹ ਦਾ ਕੱਪ ਲਿਆ ਕਿ ਦੇਵੇਗਾ ਮੈਂ ਉਸ ਨੂੰ ਇੱਕ ਲੱਖ ਰੁਪਏ ਦਾ ਚੈੱਕ ਦੇਵਾਂਗਾ। ਇਸ ਮੌਕੇ ਪ੍ਰਿਸੀਪਲ ਸੈਕਟਰੀ ਕੁਮਾਰ ਅਮਿਤ, ਮੈਂਬਰ ਕੋਰ ਕਮੇਟੀ ਤੇ ਮੀਤ ਪ੍ਰਧਾਨ ਮਾਝਾ ਜ਼ੋਨ ਯੂਥ ਵਿੰਗ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਡੀ ਆਈ ਜੀ, ਏ ਕੇ ਮਿੱਤਲ, ਡਿਪਟੀ ਕਮਿਸ਼ਨ ਗੁਰਦਾਸਪੁਰ ਪ੍ਰਦੀਪ ਸੱਭਰਵਾਲ, ਦਲਜਿੰਦਰ ਸਿੰਘ ਢਿੱਲਂੋ ਐਸ ਐਸ ਪੀ ਬਟਾਲਾ, ਐਸ ਡੀ ਐਮ ਸਕੱਤਰ ਸਿੰਘ ਬੱਲ, ਜਗਜੀਤ ਸਿੰਘ ਸਰੋਆ ਐਸ ਪੀ ਡੀ, ਬੀ ਡੀ ਪੀ ਓ ਪ੍ਰਗਟ ਸਿੰਘ, ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਜਥੇਦਾਰ ਬਖਸ਼ੀਸ਼ ਸਿੰਘ ਧਾਰੋਵਾਲੀ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਐਡਵੋਕੇਟ ਪ੍ਰਮੀਤ ਸਿੰਘ ਬੇਦੀ ਪ੍ਰਧਾਨ ਨਗਰ ਕੌਸਲ, ਨਿਰਮਲ ਸਿੰਘ ਰੱਤਾ, ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਅਮਰੀਕ ਸਿੰਘ ਠੇਠਰਕੇ, ਸਰਪੰਚ ਗੁਰਦਾਸ ਸਿੰਘ ਚਾਕਾਂਵਾਲੀ, ਸਰਪੰਚ ਮੰਗਲ ਸਿੰਘ ਅਬਦਾਲ, ਲਾਲੀ ਸਰਪੰਚ ਖੁਸ਼ਹਾਲਪੁਰ, ਮੋਹਿਤ ਸਿੰਘ ਐਕਸੀਅਨ ਪਾਵਰਕਾਮ, ਦਵਿੰਦਰਪਾਲ ਸਿੰਘ ਭਾਟੀਆ ਐਕਸੀਅਨ ਮੰਡੀ ਬੋਰਡ, ਡੀ ਐਸ ਪੀ ਸੁਰਿੰਦਰਪਾਲ ਬਾਂਸਲ, ਡੀ ਡੀ ਪੀ ਓ ਬਲਰਾਜ ਸਿੰਘ, ਬਾਬਾ ਬਚਿੱਤਰ ਸਿੰਘ ਹਰਦਰਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀ ਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਸਨ।