ਪਾਕਿ ਵਿਰੁੱਧ ਮਕਬੂਜ਼ਾ ਕਸ਼ਮੀਰ ਦੇ ਲੋਕ ਸੜਕਾਂ 'ਤੇ ਉਤਰੇ


ਮੁਜ਼ੱਫਰਾਬਾਦ (ਨਵਾਂ ਜ਼ਮਾਨਾ ਸਰਵਿਸ)
ਮਕਬੂਜ਼ਾ ਕਸ਼ਮੀਰ ਦੇ ਲੋਕ ਪਾਕਿਸਤਾਨ ਵਿਰੁੱਧ ਸੜਕਾਂ 'ਤੇ ਉਤਰ ਆਏ ਹਨ। ਅੱਜ ਪ੍ਰਦਰਸ਼ਨਕਾਰੀਆਂ ਨੇ ਮੁਜ਼ੱਫਰਾਬਾਦ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਅਜ਼ਾਦੀ ਦੇ ਨਾਅਰੇ ਲਾਏ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਮਕਬੂਜ਼ਾ ਕਸ਼ਮੀਰ 'ਚੋਂ ਪਾਕਿਸਤਾਨ ਫੌਜ ਹਟਾਈ ਜਾਵੇ। ਮਕਬੂਜ਼ਾ ਕਸ਼ਮੀਰੀਆਂ ਨੇ ਸਰਕਾਰ ਤੇ ਫੌਜ ਦੀ ਕਾਰਵਾਈ ਵਿਰੁੱਧ ਕਾਲਾ ਦਿਵਸ ਮਨਾਇਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਪਾਕਿਸਤਾਨ ਤੋਂ ਆਜ਼ਾਦੀ ਚਾਹੁੰਦੇ ਹਨ। ਪੁਲਸ ਨੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ, ਜਿਸ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ। ਮਕਬੂਜ਼ਾ ਕਸ਼ਮੀਰ ਵਿਚ ਕਾਫੀ ਸਮੇਂ ਤੋਂ ਪਾਕਿਸਤਾਨ ਸਰਕਾਰ ਤੇ ਫੌਜ ਵਿਰੁੱਧ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪਾਕਿਸਤਾਨ ਨੇ ਰੋਸ ਪ੍ਰਦਰਸ਼ਨਾਂ ਨਾਲ ਸਿੱਝਣ ਲਈ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਭੀੜ ਨੂੰ ਖਿੰਡਾਉਣ ਲਈ ਅਥਰੂ ਗੈਸ ਦੀ ਵਰਤੋਂ ਕੀਤੀ ਗਈ।
ਕਾਲੇ ਦਿਵਸ ਬਾਰੇ ਯੂਨਾਈਟਿਡ ਕਸ਼ਮੀਰ ਪੀਪਲਜ਼ ਨੈਸ਼ਨਲਜ਼ ਪਾਰਟੀ ਦੇ ਆਗੂ ਜ਼ਮੀਲ ਮਸੂਦ ਨੇ ਕਿਹਾ ਹੈ ਕਿ ਕਸ਼ਮੀਰ ਦੇ ਇਤਿਹਾਸ ਵਿੱਚ ਇਹ ਦਿਨ ਬਹੁਤ ਹੀ ਅਹਿਮ ਹੈ, ਕਿਉਂਕਿ 22 ਅਕਤੂਬਰ 1947 ਨੂੰ ਪਾਕਿਸਤਾਨ ਨੇ ਕਸ਼ਮੀਰ ਵਿੱਚ ਆਪਣੀ ਅਤੇ ਕਬਾਇਲੀਆਂ ਨੂੰ ਭੇਜ ਕੇ ਸਮਝੌਤੇ ਦੀ ਉਲੰਘਣਾ ਕੀਤੀ ਸੀ।
ਇਸ ਦਿਨ ਨੂੰ ਉਦੋਂ ਤੋਂ ਹੀ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਖੁਦ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਨਕਾਮ ਰਿਹਾ ਹੈ ਅਤੇ ਉਸ ਨੂੰ ਸਭ ਤੋਂ ਪਹਿਲਾਂ ਅੱਤਵਾਦੀਆਂ ਨਾਲ ਸਿੱਝਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਕਾਰਨ ਸਾਰੀਆਂ ਸਮੱਸਿਆਵਾਂ ਹਨ। ਉਨ੍ਹਾ ਕਿਹਾ ਕਿ ਨਵਾਜ਼ ਸ਼ਰੀਫ ਨੂੰ ਦੇਖੋ, ਉਹ ਦੁਨੀਆ ਵਿੱਚ ਕਿਤੇ ਵੀ ਜਾਂਦੇ ਹਨ, ਰਹੀਲ ਸ਼ਰੀਫ ਦਾ ਪ੍ਰਭਾਵ ਉਨ੍ਹਾਂ ਦੇ ਨਾਲ ਹੁੰਦਾ ਹੈ।