ਕਸ਼ਮੀਰ ਮੁੱਦਾ ਭਾਰਤ ਤੇ ਪਾਕਿ ਖੁਦ ਹੱਲ ਕਰਨ : ਬਰਤਾਨੀਆ


ਲੰਡਨ (ਨਵਾਂ ਜ਼ਮਾਨਾ ਸਰਵਿਸ)
ਬਰਤਾਨੀਆ ਦੀ ਪ੍ਰਧਾਨ ਮੰਤਰੀ ਟੇਰੇਸਾ ਨੇ ਕਿਹਾ ਹੈ ਕਿ ਕਸ਼ਮੀਰ ਨੂੰ ਲੈ ਕੇ ਬਰਤਾਨੀਆ ਦੇ ਰੁਖ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਅਤੇ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਵੱਲਾ ਮੁੱਦਾ ਹੈ ਅਤੇ ਉਨ੍ਹਾ ਨੂੰ ਆਪਸੀ ਗੱਲਬਾਤ ਰਾਹੀਂ ਇਸ ਮੁੱਦੇ ਨੂੰ ਸੁਲਝਾਉਣਾ ਚਾਹੀਦਾ ਹੈ। ਇਹ ਮਾਮਲਾ ਪਾਕਿਸਤਾਨ 'ਚ ਪੈਦਾ ਹੋਈ ਲੇਬਰ ਪਾਰਟੀ ਦੇ ਐਮ ਪੀ ਯਾਸਮੀਨ ਕੁਰੈਸ਼ੀ ਨੇ ਪ੍ਰਧਾਨ ਮੰਤਰੀ ਦੇ ਹਫ਼ਤਾਵਾਰੀ ਪ੍ਰਸ਼ਨ ਸੈਸ਼ਨ ਦੌਰਾਨ ਹਾਊਸ ਆਫ਼ ਕਾਮਨਜ਼ ਵਿਖੇ ਉਠਾਇਆ ਸੀ। ਉਨ੍ਹਾ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਉਨ੍ਹਾ ਦੇ 6 ਤੋਂ 8 ਨਵੰਬਰ ਤੱਕ ਹੋਣ ਵਾਲੇ ਭਾਰਤ ਦੌਰੇ ਦੌਰਾਨ ਕਸ਼ਮੀਰ ਮੁੱਦੇ 'ਤੇ ਗੱਲਬਾਤ ਕੀਤੀ ਜਾਵੇਗੀ।
ਟੇਰੇਸਾ ਨੇ ਸੰਸਦ 'ਚ ਇਸ ਗੱਲ ਦਾ ਸਪੱਸ਼ਟ ਸੰਕੇਤ ਦਿੱਤਾ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ 'ਚ ਕਸ਼ਮੀਰ ਮੁੱਦਾ ਏਜੰਡੇ 'ਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ।
ਉਨ੍ਹਾ ਕਿਹਾ ਕਿ ਉਹ ਕਸ਼ਮੀਰ ਬਾਰੇ ਉਹੀ ਰੁਖ ਅਖਤਿਆਰ ਕਰਨਗੇ, ਜਿਹੜਾ ਸਰਕਾਰ ਨੇ ਸੱਤਾ 'ਚ ਆਉਣ ਮਗਰੋਂ ਅਤੇ ਪਹਿਲਾਂ ਵੀ ਅਖਤਿਆਰ ਕੀਤਾ ਹੈ ਅਤੇ ਇਹ ਰੁਖ ਹੈ ਕਿ ਕਸ਼ਮੀਰ ਅਜਿਹਾ ਮੁੱਦਾ ਹੈ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਨੂੰ ਨਿਪਟਣਾ ਚਾਹੀਦਾ ਹੈ ਅਤੇ ਸੁਲਝਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਕੁਰੈਸ਼ੀ ਨੇ ਸੁਆਲ ਕੀਤਾ ਸੀ ਕਿ ਕੀ ਪ੍ਰਧਾਨ ਮੰਤਰੀ ਮੇਰੇ ਅਤੇ ਹੋਰਨਾਂ ਸਹਿਯੋਗੀ ਪਾਰਟੀਆਂ ਨਾਲ ਮੁਲਾਕਾਤ ਕਰਕੇ, ਜਿਵੇਂ ਕਿ 1984 ਦੇ ਸੰਯੁਕਤ ਰਾਸ਼ਟਰ ਦੇ ਮਤੇ 'ਚ ਦਸਿਆ ਗਿਆ ਸੀ, ਕਸ਼ਮੀਰ ਦੇ ਆਤਮ ਨਿਰਣੇ ਦੇ ਮੁੱਦੇ ਅਤੇ ਮਨੁੱਖੀ ਅਧਿਕਾਰ ਦੇ ਘਾਣ ਬਾਰੇ ਗੱਲ ਕਰਨਗੇ ਅਤੇ ਕੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾ ਸਕਦੀ ਹੈ। ਟੇਰੇਸਾ ਨੇ ਕਿਹਾ ਕਿ ਇਸ ਬਾਰੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਕੁਰੈਸ਼ੀ ਨਾਲ ਮੁਲਾਕਾਤ ਕਰਨਗੇ।
ਜ਼ਿਕਰਯੋਗ ਹੈ ਕਿ ਆਪਣੇ ਭਾਰਤ ਦੌਰੇ ਦੌਰਾਨ ਟੇਰੇਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਭਾਰਤ ਬਰਤਾਨੀਆ ਤਕਨੀਕ ਸਿਖ਼ਰ ਸੰਮੇਲਨ ਦਾ ਉਦਘਾਟਨ ਕਰਨਗੇ।