ਸਪਾ ਦੇ ਸਿਲਵਰ ਜੁਬਲੀ ਸਮਾਗਮ ਲਈ ਸ਼ਿਵਪਾਲ ਵੱਲੋਂ ਤਿਆਗੀ ਨੂੰ ਸੱਦਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਮਾਜਵਾਦੀ ਪਾਰਟੀ 'ਚ ਵਧਦੇ ਝਗੜੇ ਦਰਮਿਆਨ ਅੱਜ ਸੀਨੀਅਰ ਪਾਰਟੀ ਆਗੂ ਸ਼ਿਵਪਾਲ ਸਿੰਘ ਨੇ ਨਵੀਂ ਦਿੱਲੀ 'ਚ ਪਾਰਟੀ ਦੇ 5 ਨਵੰਬਰ ਨੂੰ ਹੋਣ ਵਾਲੇ ਸਿਲਵਰ ਜੁਬਲੀ ਸਮਾਗਮ ਲਈ ਸਮਾਜਵਾਦੀ ਵਿਚਾਰਧਾਰਾ ਵਾਲੇ ਆਗੂਆਂ ਨੂੰ ਸੱਦਾ ਦਿੱਤਾ। ਉਨ੍ਹਾ ਦੇ ਇਸ ਕਦਮ ਨੂੰ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਬਣਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।
ਸ਼ਿਵਪਾਲ ਯਾਦਵ ਦੇ ਨਜ਼ਦੀਕੀ ਸੂਤਰਾਂ ਨੇ ਦਸਿਆ ਕਿ ਉਨ੍ਹਾਂ ਨੇ ਦਿੱਲੀ ਪਹੁੰਚਣ ਮਗਰੋਂ ਜਨਤਾ ਦਲ ਯੂ ਦੇ ਆਗੂ ਨਿਤੀਸ਼ ਕੁਮਾਰ, ਸ਼ਰਦ ਯਾਦਵ ਅਤੇ ਰਾਸ਼ਟਰੀ ਲੋਕ ਦਲ ਦੇ ਆਗੂ ਚੌਧਰੀ ਅਜੀਤ ਸਿੰਘ ਨਾਲ ਸੰਪਰਕ ਕੀਤਾ।
ਸਪਾ ਸੁਪਰੀਮ ਮੁਲਾਇਮ ਸਿੰਘ ਯਾਦਵ ਵੱਲੋਂ ਸੱਦਾ ਦੇਣ ਗਏ ਸ਼ਿਵਪਾਲ ਯਾਦਵ ਨੇ ਜਨਤਾ ਦਲ (ਯੂ) ਦੇ ਆਗੂ ਕੇ ਸੀ ਤਿਆਗੀ ਨਾਲ ਮੁਲਾਕਾਤ ਕੀਤੀ ਅਤੇ ਲਖਨਊ 'ਚ 5 ਨਵੰਬਰ ਨੂੰ ਹੋਣ ਵਾਲੇ ਸਮਾਰੋਹ ਲਈ ਉਨ੍ਹਾ ਦੀ ਪਾਰਟੀ ਦੇ ਆਗੂਆਂ ਨੂੰ ਸੱਦਾ ਦਿੱਤਾ। ਆਰ ਜੇ ਡੀ ਅਤੇ ਆਰ ਐਲ ਡੀ ਆਗੂਆਂ ਨੂੰ ਸਮਾਰੋਹ 'ਚ ਸੱਦਣ ਬਾਰੇ ਪੁੱਛੇ ਜਾਣ 'ਤੇ ਯਾਦਵ ਨੇ ਕਿਹਾ ਕਿ ਉਹ ਇੱਥੇ ਕੇ ਸੀ ਤਿਆਗੀ ਨੂੰ ਸੱਦਾ ਪੱਤਰ ਦੇਣ ਆਏ ਹਨ। 3 ਨਵੰਬਰ ਨੂੰ ਅਖਿਲੇਸ਼ ਯਾਦਵ ਵੱਲੋਂ ਕੀਤੀ ਜਾਣ ਵਾਲੀ ਰੱਥ ਯਾਤਰਾ 'ਚ ਸ਼ਾਮਲ ਹੋਣ ਦੇ ਸੁਆਲ 'ਤੇ ਉਨ੍ਹਾ ਕਿਹਾ ਕਿ ਕੈਬਨਿਟ 'ਚੋਂ ਬਰਖਾਸਤ ਕੀਤੇ ਜਾਣ ਮਗਰੋਂ ਉਹ ਮੁੱਖ ਮੰਤਰੀ ਅਧੀਨ ਨਹੀਂ, ਪਰ ਜੇ ਸੱਦਾ ਮਿਲਿਆ ਤਾਂ ਜ਼ਰੂਰ ਸ਼ਾਮਲ ਹੋਵਾਂਗਾ। ਉਨ੍ਹਾ ਕਿਹਾ ਕਿ ਅਖਿਲੇਸ਼ ਨੂੰ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਹੈ।