ਪੰਥਕ ਆਗੂਆਂ ਨਾਲ ਮੀਟਿੰਗ ਕਰਾਉਣ ਬਦਲੇ ਟਿਕਟ ਮਿਲਣ ਦੇ ਚਰਚੇ

ਬਠਿੰਡਾ (ਬਖਤੌਰ ਢਿੱਲੋਂ)
ਦੋ ਸਿੱਖ ਧਾਰਮਿਕ ਆਗੂਆਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਮੀਟਿੰਗ ਕਰਵਾਉਣ ਵਿੱਚ ਜਿਸ ਸ਼ਖ਼ਸ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ, ਕੀ ਉਸ ਨੂੰ ਆਮ ਆਦਮੀ ਪਾਰਟੀ ਰਾਮਪੁਰਾ ਫੂਲ ਹਲਕੇ ਤੋਂ ਵਿਧਾਨ ਸਭਾ ਦੀ ਟਿਕਟ ਦੇਣ ਜਾ ਰਹੀ ਹੈ। ਇਹ ਸੁਆਲ ਰਾਜਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਿਆਸੀ ਤੇ ਪ੍ਰਸ਼ਾਸਕੀ ਹਲਕੇ ਕੱਲ੍ਹ ਉਸ ਵੇਲੇ ਹੈਰਾਨ ਹੋ ਕੇ ਰਹਿ ਗਏ, ਜਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਚਨਚੇਤ ਗੁਰਮਤਿ ਸੇਵਾ ਲਹਿਰ ਦੇ ਪ੍ਰਧਾਨ ਭਾਈ ਪੰਥਪ੍ਰੀਤ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਨਾਲ ਆ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਕੇਜਰੀਵਾਲ ਨੇ ਜਿੱਥੇ ਇਸ ਘਟਨਾਕ੍ਰਮ ਨੂੰ ਅਸ਼ੀਰਵਾਦ ਲੈਣਾ ਦੱਸਿਆ ਹੈ, ਉੱਥੇ ਭਾਈ ਨੰਦਗੜ੍ਹ ਦਾ ਕਹਿਣਾ ਹੈ ਕਿ ਉਹ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਰਕਾਰ ਬਣਨ ਦੀ ਸੂਰਤ ਵਿੱਚ ਸਜ਼ਾਵਾਂ ਦਿਵਾਉਣ ਦਾ ਵਾਅਦਾ ਕਰਕੇ ਗਏ ਹਨ।
ਇਹਨਾਂ ਮੀਟਿੰਗਾਂ ਦਾ ਪ੍ਰੋਗਰਾਮ ਬਣਾਉਣ ਵਿੱਚ ਜਿੱਥੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਜੋ ਆਪ ਵੱਲੋਂ ਪੰਜਾਬ ਦੇ ਸਹਿ ਇੰਚਾਰਜ ਵੀ ਹਨ, ਦਾ ਵੱਡਾ ਯੋਗਦਾਨ ਹੈ, ਉੱਥੇ ਵਿਚੋਲਗਿਰੀ ਦੀ ਭੂਮਿਕਾ ਇੱਕ ਅਜਿਹੇ ਸ਼ਖ਼ਸ ਨੇ ਨਿਭਾਈ ਹੈ, ਜੋ ਇੱਕ ਉੱਘੇ ਸਿੱਖ ਧਾਰਮਿਕ ਆਗੂ ਦਾ ਬਹੁਤ ਹੀ ਕਰੀਬੀ ਰਿਸ਼ਤੇਦਾਰ ਭਾਵ ਪਰਵਾਰਕ ਮੈਂਬਰ ਵੀ ਹੈ। ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਵਪਾਰੀਆਂ ਲਈ ਮੈਨੀਫੈਸਟੋ ਜਾਰੀ ਕਰਨ ਵਾਸਤੇ ਸਥਾਨਕ ਗਰੀਨ ਪੈਲੇਸ ਵਿਖੇ 24 ਅਕਤੂਬਰ ਨੂੰ ਜੋ ਪ੍ਰਭਾਵਸ਼ਾਲੀ ਇਕੱਤਰਤਾ ਹੋਈ ਸੀ, ਧਾਰਮਿਕ ਆਗੂ ਦੇ ਪਰਵਾਰਕ ਮੈਂਬਰ ਨੂੰ ਉਸ ਵਿੱਚ ਵੀ ਦੇਖਿਆ ਗਿਆ ਸੀ।
ਆਮ ਆਦਮੀ ਪਾਰਟੀ ਅਤੇ ਸਿੱਖ ਧਾਰਮਿਕ ਆਗੂਆਂ ਦੇ ਖੇਮਿਆਂ 'ਚੋਂ ਮਿਲੀ ਪੁਖਤਾ ਸੂਚਨਾ ਅਨੁਸਾਰ ਕੇਜਰੀਵਾਲ ਅਤੇ ਉਸ ਦੀ ਟੀਮ ਦੀ ਪਹੁੰਚ ਇਹ ਹੈ ਕਿ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਅਲਹਿਦਾ ਹੋਣ ਨਾਲ ਜੋ ਘਾਟਾ ਪਿਆ ਹੈ, ਉਸ ਦੀ ਪੂਰਤੀ ਸਿੱਖ ਧਾਰਮਿਕ ਆਗੂਆਂ ਦੇ ਇੱਕ ਹਿੱਸੇ ਦੀ ਹਮਾਇਤ ਲੈ ਕੇ ਕੀਤੀ ਜਾ ਸਕਦੀ ਹੈ। ਇਸ ਮੰਤਵ ਦੀ ਸਫਲਤਾ ਲਈ ਕੋਟਕਪੂਰਾ ਤੋਂ ਆਪ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਰਿਸ਼ਤੇ 'ਚੋਂ ਜੋ ਗਿਆਨੀ ਜ਼ੈਲ ਸਿੰਘ ਦਾ ਪੋਤਰਾ ਹੋਣ ਕਾਰਨ ਸਿੱਖਾਂ ਵਿੱਚ ਚੰਗੀ ਪੈਂਠ ਰਖਦਾ ਹੈ, ਦੀ ਸੇਵਾ ਹਾਸਲ ਕੀਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਤੋਂ ਬਾਅਦ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਦੇ ਸਮਾਗਮ ਵਿੱਚ ਵੀ ਕੁਲਤਾਰ ਨੇ ਸਰਗਰਮੀ ਨਾਲ ਭਾਗ ਲਿਆ ਸੀ। ਸੂਤਰਾਂ ਅਨੁਸਾਰ ਹਮਾਇਤ ਦੇ ਇਵਜ਼ ਵਿੱਚ ਰਾਮਪੁਰਾ ਫੂਲ ਹਲਕੇ ਦੀ ਟਿਕਟ ਉਸ ਸ਼ਖ਼ਸ ਨੂੰ ਦਿੱਤੀ ਜਾ ਸਕਦੀ ਹੈ, ਪਰਵਾਰਕ ਮੈਂਬਰ ਹੋਣ ਤੋਂ ਇਲਾਵਾ ਜਿਸ ਨੇ ਦੋਵਾਂ ਸਿੱਖ ਆਗੂਆਂ ਨਾਲ ਮੀਟਿੰਗਾਂ ਦਾ ਕੱਲ੍ਹ ਆਯੋਜਨ ਕਰਵਾਇਆ ਸੀ। ਇਸ ਤੱਥ ਦੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਲਾਏ ਗਏ ਇਸ ਦੋਸ਼ ਤੋਂ ਵੀ ਪੁਸ਼ਟੀ ਹੁੰਦੀ ਹੈ, ਜਿਸ ਮੁਤਾਬਿਕ ਆਮ ਆਦਮੀ ਪਾਰਟੀ ਨਾਲ ਅੰਦਰਖਾਤੇ ਹੋਈ ਗੰਢਤੁੱਪ ਦੇ ਨਤੀਜੇ ਵਜੋਂ ਹੀ ਭਾਈ ਬਲਵੰਤ ਸਿੰਘ ਨੰਦਗੜ੍ਹ ਤੋਂ ਲੈ ਕੇ ਗਿ: ਕੇਵਲ ਸਿੰਘ ਤੱਕ ਦੇ ਕਈ ਧਾਰਮਿਕ ਸਿੱਖ ਆਗੂ 10 ਨਵੰਬਰ ਨੂੰ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਦੂਜੇ ਸਰਬੱਤ ਖਾਲਸਾ ਤੋਂ ਪਾਸੇ ਰਹਿਣ ਦਾ ਫੈਸਲਾ ਲੈ ਚੁੱਕੇ ਹਨ।