ਅੰਮ੍ਰਿਤਸਰ 'ਚ ਨਵਾਂ ਸਿੱਖ ਡੀ ਸੀ ਲੱਗਣ ਦੀ ਸੰਭਾਵਨਾ

ਚੰਡੀਗੜ੍ਹ (ਸ਼ੰਗਾਰਾ ਸਿੰਘ ਭੁੱਲਰ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵਾਂ ਪ੍ਰਧਾਨ ਚੁਣਨ ਲਈ ਪੰਜ ਨਵੰਬਰ ਨੂੰ ਕਮੇਟੀ ਦਾ ਜਨਰਲ ਹਾਊਸ ਬੁਲਾ ਲਿਆ ਹੈ। ਇਸ ਦੇ ਨਾਲ ਹੀ ਇਹ ਕਿਆਸ-ਅਰਾਈਆਂ ਵੀ ਸ਼ੁਰੂ ਹੋ ਗਈਆਂ ਹਨ ਕਿ ਇਸੇ ਦੌਰਾਨ ਅੰਮ੍ਰਿਤਸਰ 'ਚ ਕਿਸੇ ਸਿੱਖ ਡੀ ਸੀ ਨੂੰ ਲਾਇਆ ਜਾਵੇਗਾ। ਅਸਲ ਵਿੱਚ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰ ਚੁਣਨ ਲਈ ਬੁਲਾਏ ਗਏ ਜਨਰਲ ਹਾਊਸ ਨੂੰ ਪੁਰਾਣੀ ਰੀਤ ਮੁਤਾਬਕ ਜਨਰਲ ਹਾਊਸ ਦੀ ਪ੍ਰਧਾਨਗੀ ਹਮੇਸ਼ਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਕਰਦਾ ਹੈ। ਇਸ ਲਈ ਕੁਝ ਹਲਕਿਆਂ ਵੱਲੋਂ ਇਹ ਵੀ ਮੰਗ ਉਠਣ ਲੱਗ ਪਈ ਹੈ ਕਿ ਨਵੇਂ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਕੰਮ ਕਿਸੇ ਸਿੱਖ ਡੀ ਸੀ ਦੇ ਹੱਥੋਂ ਕਰਵਾਇਆ ਜਾਵੇ। ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਹਨ।
ਚੇਤੇ ਰਹੇ ਕਿ 15 ਸਤੰਬਰ ਨੂੰ ਜਦੋਂ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਸਹਿਜਧਾਰੀ ਸਿੱਖਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਸੀ, ਪਰ ਇਸ ਦੇ ਨਾਲ 18 ਸਤੰਬਰ 2011 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਦਾ ਰਾਹ ਵੀ ਪੱਧਰਾ ਹੋ ਗਿਆ ਸੀ, ਕਿਉਂਕਿ ਇਹ ਕੇਸ ਸੁਪਰੀਮ ਕੋਰਟ ਵਿੱਚ ਹੋਣ ਕਾਰਨ ਜਥੇਦਾਰ ਅਵਤਾਰ ਸਿੰਘ ਮੱਕੜ ਵਾਲੀ ਕਾਰਜਕਾਰਨੀ ਹੀ ਪਿਛਲੇ ਲੱਗਭੱਗ ਗਿਆਰਾਂ ਸਾਲਾਂ ਤੋਂ ਕੰਮ ਕਰ ਰਹੀ ਹੈ।
ਇਸ ਵੇਲੇ ਜਦੋਂ ਹੋਰ ਚਹੁੰ ਮਹੀਨਿਆਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਨਵੰਬਰ ਮਹੀਨੇ ਵਿੱਚ ਚੋਣਾਂ ਦੇ ਐਲਾਨ ਨਾਲ ਕੋਡ ਆਫ ਕੰਡਕਟ ਵੀ ਲੱਗ ਸਕਦਾ ਹੈ ਤਾਂ ਪੰਜਾਬ ਸਰਕਾਰ ਇਸ ਤੋਂ ਪਹਿਲਾਂ-ਪਹਿਲਾਂ ਪੁਲਸ ਅਤੇ ਸਿਵਲ ਦੋਹਾਂ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਦੀ ਤਿਆਰੀ ਵਿੱਚ ਵੀ ਰੁਝੀ ਹੋਈ ਹੈ। ਹੋ ਸਕਦਾ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਲਈ ਜਨਰਲ ਹਾਊਸ ਦੀ ਪ੍ਰਧਾਨ ਵੇਲੇ ਤੱਕ ਨਵੇਂ ਸਿੱਖ ਡੀ ਸੀ ਦੀ ਨਿਯੁਕਤੀ ਕਰਕੇ ਉਸ ਤਬਕੇ ਨੂੰ ਹੀ ਖੁਸ਼ ਕਰ ਦਿੱਤਾ ਜਾਵੇ, ਜਿਹੜੇ ਸਿੱਖ ਡੀ ਸੀ ਦੀ ਮੰਗ ਕਰ ਰਹੇ ਹਨ।
ਸਾਲ ਵਿੱਚ ਨਵੇਂ ਪ੍ਰਧਾਨ ਦੀ ਚੋਣ ਲਈ ਹੁਣ ਤੱਕ ਇਹ ਰਸਮ ਰਹੀ ਹੈ ਕਿ ਜਨਰਲ ਹਾਊਸ ਦੀ ਪ੍ਰਧਾਨਗੀ ਸਿੱਖ ਡੀ ਸੀ ਹੀ ਕਰਦਾ ਹੈ।