ਪਾਕੀ ਫਾਇਰਿੰਗ 'ਚ ਬੀ ਐੱਸ ਐੱਫ਼ ਦੇ ਦੋ ਜਵਾਨ ਸ਼ਹੀਦ

ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਅੱਜ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਆਰ ਐਸ ਪੁਰਾ ਸੈਕਟਰ ਅਤੇ ਕਠੂਆ 'ਚ ਫਾਇਰਿੰਗ ਕੀਤੀ ਅਤੇ ਮੋਰਟਾਰ ਸੁੱਟੇ ਅਤੇ ਨਾਲ ਹੀ ਹੀਰਾਨਗਰ ਸੈਕਟਰ 'ਚ ਵੀ ਫਾਇਰਿੰਗ ਕੀਤੀ।
ਭਾਰਤੀ ਜਵਾਨਾਂ ਨੇ ਜੁਆਬੀ ਕਾਰਵਾਈ ਕਰਦਿਆਂ ਪਾਕਿਸਤਾਨੀ ਫ਼ੌਜ ਦਾ ਇੱਕ ਬੰਕਰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਬੀ ਐਸ ਐਫ਼ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਕੁਪਵਾੜਾ ਸੈਕਟਰ 'ਚ ਮਾਛਿਲ ਵਿਖੇ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ 'ਚ ਬੀ ਐਸ ਐਫ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਜ਼ਿਕਰਯੋਗ ਹੈ ਕਿ ਬੀਤੀ ਰਾਤ ਵੀ ਬੀ ਐਸ ਐਫ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਅਤੇ ਪਾਕਿਸਤਾਨੀ ਅੱਤਵਾਦੀਆਂ ਨੇ ਅਣਮਨੁੱਖੀ ਕਾਰਾ ਕਰਦਿਆਂ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨਾਲ ਛੇੜਛਾੜ ਕੀਤੀ ਸੀ। ਉੱਚ ਪੱਧਰੀ ਸੂਤਰਾਂ ਅਨੁਸਾਰ ਅੱਤਵਾਦੀ ਸ਼ਹੀਦ ਮਨਦੀਪ ਸਿੰਘ ਦਾ ਸਿਰ ਵੱਢ ਕੇ ਲੈ ਗਏ। ਤਰਜਮਾਨ ਨੇ ਦਸਿਆ ਕਿ ਅੱਜ ਸਵੇਰੇ ਪਾਕਿਸਤਾਨੀ ਫਾਇਰਿੰਗ 'ਚ ਬੀ ਐਸ ਐਫ਼ ਜਵਾਨ ਨਿਤਿਸ਼ ਸੁਭਾਸ਼ ਸ਼ਹੀਦ ਹੋ ਗਏ। ਮਹਾਰਾਸ਼ਟਰ 'ਚ ਸਾਂਗਲੀ ਇਲਾਕੇ ਦੇ ਰਹਿਣ ਵਾਲੇ ਨਿਤਿਨ ਸੁਭਾਸ਼ 2008 'ਚ ਬੀ ਐਸ ਐਫ਼ 'ਚ ਭਰਤੀ ਹੋਏ ਸਨ ਅਤੇ ਉਨ੍ਹਾ ਦੇ ਪਰਵਾਰ 'ਚ ਉਨ੍ਹਾ ਦੀ ਪਤਨੀ ਅਤੇ ਦੋ ਬੱਚੇ ਹਨ।
ਉਨ੍ਹਾ ਅੱਗੇ ਦਸਿਆ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਉੱਤਰੀ ਕਸ਼ਮੀਰ ਦੇ ਸੈਕਟਰ 'ਚ ਅੱਤਵਾਦੀਆਂ ਦੇ ਨਾਲ-ਨਾਲ ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ (ਬੈਕ) ਨੇ ਭਾਰਤੀ ਜਵਾਨਾਂ 'ਤੇ ਘਾਤ ਲਾ ਕੇ ਹਮਲਾ ਕੀਤਾ, ਇਸ ਹਮਲੇ 'ਚ ਭਾਰਤੀ ਜਵਾਨ ਮਨਦੀਪ ਸਿੰਘ ਸ਼ਹੀਦ ਹੋ ਗਿਆ। ਪਾਕਿਸਤਾਨੀ ਫ਼ੌਜ ਵੱਲੋਂ ਅੱਤਵਾਦੀਆਂ ਨੇ ਅਣਮਨੁੱਖੀ ਕਾਰਵਾਈ ਕਰਦਿਆਂ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨਾਲ ਛੇੜਛਾੜ ਕੀਤੀ। ਕੁਝ ਸੂਤਰਾਂ ਨੇ ਸ਼ਹੀਦ ਜਵਾਨ ਦਾ ਸਿਰ ਵੱਢ ਦੇਣ ਦਾ ਦਾਅਵਾ ਕੀਤਾ ਹ,ੈ ਪਰ ਰੱਖਿਆ ਵਿਭਾਗ ਦੇ ਸੂਤਰਾਂ ਨੇ ਲਾਸ਼ ਨਾਲ ਛੇੜਛਾੜ ਕੀਤੇ ਜਾਣ ਦੀ ਗੱਲ ਹੀ ਆਖੀ ਹੈ। ਜ਼ਿਕਰਯੋਗ ਹੈ ਕਿ 8 ਜਨਵਰੀ 2013 ਨੂੰ ਪਾਕਿਸਤਾਨੀ ਫ਼ੌਜੀ ਰਾਜਪੁਤਾਨਾ ਰਾਇਫਲਜ਼ ਦੇ ਜਵਾਨ ਹੇਮਰਾਜ ਦਾ ਸਿਰ ਵੱਢ ਕੇ ਲੈ ਗਏ ਸਨ। ਭਾਰਤੀ ਫ਼ੌਜ ਦੇ ਇੱਕ ਤਰਜਮਾਨ ਨੇ ਕਿਹਾ ਕਿ ਇਸ ਕਰਤੂਤ ਨਾਲ ਪਾਕਿਸਤਾਨੀ ਫੌਜ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਫ਼ੌਜ ਨੇ ਕਿਹਾ ਹੈ ਕਿ ਪਾਕਿਸਤਾਨੀ ਫ਼ੌਜ ਦੀ ਇਸ ਅਣਮਨੁੱਖੀ ਕਾਰਵਾਈ ਦਾ ਠੋਕਵਾਂ ਜੁਆਬ ਦਿੱਤਾ ਜਾਵੇਗਾ। ਉਧਰ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ 'ਤੇ ਪਾਕਿਸਤਾਨ ਸਰਕਾਰ ਕੋਲ ਜ਼ਬਰਦਸਤ ਵਿਰੋਧ ਪ੍ਰਗਟ ਕੀਤਾ ਹੈ। ਬੀ ਐਸ ਐਫ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਾਕਿਸਤਾਨੀ ਕਾਰਵਾਈ ਦਾ ਠੋਕਵਾਂ ਜੁਆਬ ਦਿੰਦਿਆ ੱਿÂਕ ਹਫ਼ਤੇ 'ਚ 15 ਪਾਕਿਸਤਾਨੀ ਰੇਂਜਰਾਂ ਨੂੰ ਮਾਰ ਸੁੱਟਿਆ ਹੈ। ਬੀ ਐਸ ਐਫ਼ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਕਿਹਾ ਕਿ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਫਾਇਰਿੰਗ ਦਾ ਭਾਰਤ ਵੱਲੋਂ ਮੂੰਹ ਤੋੜ ਜੁਆਬ ਦਿੱਤਾ ਜਾ ਰਿਹਾ ਹੈ।
ਫ਼ੌਜ ਦੇ ਤਰਜਮਾਨ ਅਨੁਸਾਰ ਭਾਰਤੀ ਜਵਾਨਾਂ ਦੀ ਕਾਰਵਾਈ 'ਚ ਇੱਕ ਅੱਤਵਾਦੀ ਵੀ ਮਾਰਿਆ ਗਿਆ। ਉਨ੍ਹਾ ਕਿਹਾ ਕਿ ਪਾਕਿਸਤਾਨੀ ਵੱਲੋਂ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਨਾਲ ਛੇੜਛਾੜ ਦਾ ਬਣਦਾ ਜੁਆਬ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਪਾਕਿਸਤਾਨੀ ਫ਼ੌਜ ਦੇ ਕਵਰ ਫਾਇਰ ਤੋਂ ਬਗੈਰ ਅੱਤਵਾਦੀ ਭਾਰਤ 'ਚ ਦਾਖ਼ਲ ਹੋਣ ਦਾ ਹੌਂਸਲਾ ਨਹੀਂ ਕਰ ਸਕਦੇ ਸਨ।
ਜਦੋਂ ਭਾਰਤੀ ਫ਼ੌਜ ਦੀ ਇੱਕ ਟੁਕੜੀ ਨੇ ਅੱਤਵਾਦੀਆਂ ਨੂੰ ਘੇਰ ਲਿਆ ਤਾਂ ਪਾਕਿਸਤਾਨੀ ਫ਼ੌਜ ਨੇ ਉਨ੍ਹਾ ਨੂੰ ਕਵਰ ਫਾਇਰ ਦਿੱਤਾ ਅਤੇ ਉਸੇ ਦਾ ਫਾਇਦਾ ਉਠਾ ਕੇ ਉਹ ਵਾਪਸ ਮਕਬੂਜ਼ਾ ਕਸ਼ਮੀਰ 'ਚ ਚਲੇ ਗਏ।