ਤਲਵੰਡੀ ਸਾਬੋ 'ਚ ਪਟਾਕਿਆਂ ਨੂੰ ਅੱਗ, ਅਣਗਿਣਤ ਦੁਕਾਨਾਂ ਤਬਾਹ


ਤਲਵੰਡੀ ਸਾਬੋ (ਜਗਦੀਪ ਗਿੱਲ)
ਦੀਵਾਲੀ ਦੇ ਸ਼ੁੱਭ ਦਿਹਾੜੇ ਉਪਰ ਇਸ ਵਾਰ ਪਟਾਕੇ ਅਤੇ ਆਤਸ਼ਬਾਜ਼ੀ ਵਗੈਰਾ ਨਾ ਕਰਨ ਦੇ ਸੰਦੇਸ਼ ਨੂੰ ਲੈ ਕੇ ਇੱਥੇ ਤਲਵੰਡੀ ਸਾਬੋ ਦੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਕੱਢੇ ਮਾਰਚ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਸਿਆਸੀ ਤੇ ਪ੍ਰਸ਼ਾਸਨਕ ਸਰਪ੍ਰਸਤੀ ਹੇਠ ਲੱਗੀਆਂ ਪਟਾਕਿਆਂ ਦੀਆਂ ਅੱਧੀ ਦਰਜਨ ਦੇ ਲੱਗਭੱਗ ਦੁਕਾਨਾਂ ਨੂੰ ਅੱਗ ਲੱਗ ਗਈ।
ਇੱਥੋਂ ਦੇ ਬੱਸ ਅੱਡੇ ਦੇ ਬਿਲਕੁੱਲ ਸਾਹਮਣੇ ਮੁੱਖ ਸੜਕ ਉਪਰ ਸੜਕ ਦਾ ਅੱਧ ਤੋਂ ਵੱਧ ਹਿੱਸਾ ਰੋਕ ਕੇ ਰੱਖੇ ਪਟਾਕਿਆਂ ਨੂੰ ਲੱਗੀ ਅੱਗ ਨਾਲ ਨਾ ਸਿਰਫ ਲੱਖਾਂ ਰੁਪਏ ਦੇ ਪਟਾਕੇ ਅਤੇ ਫਰਨੀਚਰ ਹੀ ਸੜ ਗਿਆ, ਸਗੋਂ ਅੱਗ ਨੇ ਉਥੇ ਖੜੇ ਇੱਕ ਹੀਰੋ ਹਾਂਡਾ ਮੋਟਰ ਸਾਈਕਲ ਤੇ ਇੱਕ ਹੋਰ ਆਟੋ ਸਮੇਤ ਕਈ ਵਹੀਕਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਕੁਝ ਨਹੀਂ ਹੋਵੇਗਾ ਕਿ ਭਾਵੇਂ ਤਲਵੰਡੀ ਸਾਬੋ ਦੇ ਸਾਰੇ ਮੁੱਖ ਬਜ਼ਾਰਾਂ ਵਿੱਚ ਹੀ ਇੱਥੋਂ ਦੇ ਉਨ੍ਹਾ ਵਿਕਰੇਤਾਵਾਂ, ਜਿਨ੍ਹਾਂ ਨੂੰ ਸਥਾਨਕ ਅਤੇ ਇਲਾਕਾਈ ਸਿਆਸੀ ਲੀਡਰਾਂ ਦੀ ਸਰਪ੍ਰਸਤੀ ਹਾਸਲ ਹੈ, ਨੇ ਮਠਿਆਈ ਤੋਂ ਲੈ ਕੇ ਪਟਾਕਿਆਂ ਤੱਕ ਦੀਆਂ ਸਾਰੀਆਂ ਦੁਕਾਨਾਂ ਸੜਕਾਂ ਉਪਰ ਲਾਈਆਂ ਹੋਈਆਂ ਸਨ, ਪ੍ਰੰਤੂ ਬੱਸ ਅੱਡੇ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਅਤੇ ਕਿਸੇ ਜਾਨੀ ਨਕਸਾਨ ਤੋਂ ਬਚਾਅ ਹੋ ਗਿਆ, ਉਹ ਹਕੂਮਤੀ ਹੈਂਕੜਬਾਜ਼ੀ ਦੀ ਆਪ ਬੋਲਦੀ ਮਿਸਾਲ ਕਰਕੇ ਹੀ ਲਾਈਆਂ ਗਈਆਂ ਦੱਸੀਆਂ ਜਾ ਰਹੀਆਂ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੜਕ ਉਪਰ ਲੱਗੀਆਂ ਅਣ-ਅਧਿਕਾਰਤ ਦੁਕਾਨਾਂ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ, ਉਪਰ ਲੱਗਾ ਟੈਂਟ ਅਤੇ ਟੇਬਲਾਂ ਤੋਂ ਲੈ ਕੇ ਕੁਝ ਸਾਮਾਨ ਉਹ ਸੀ, ਹਕੂਮਤੀ ਪਾਰਟੀ ਲਈ ਵੋਟਾਂ ਪੱਕੀਆਂ ਕਰਨ ਦੀ ਮਨਸ਼ਾ ਨਾਲ ਜਿਹੜਾ ਸਥਾਨਕ ਹਲਕਾ ਵਿਧਾਇਕ ਵੱਲੋਂ ਉਕਤ ਲੋਕਾਂ ਨੂੰ ਮੁਹੱਈਆ ਕਰਵਾਇਆ ਗਿਆ ਸੀ। ਓਧਰ ਘਟਨਾ ਦੀ ਸੂਚਨਾ ਮਿਲਦੇ ਹੀ ਭਾਵੇਂ ਸਥਾਨਕ ਪੁਲਸ ਦੇ ਕੁਝ ਮੁਲਾਜ਼ਮ ਮੌਕੇ ਉਪਰ ਪੁੱਜ ਗਏ, ਪਰ ਦੱਸਣ ਵਾਲੇ ਚਸ਼ਮਦੀਦਾਂ ਅਨੁਸਾਰ ਉਥੇ ਇਕੱਠੇ ਹੋਏ ਲੋਕਾਂ ਨੇ ਸਿਰਤੋੜ ਯਤਨ ਕਰਦਿਆਂ ਨਾ ਸਿਰਫ ਅੱਗ ਉਪਰ ਕਾਬੂ ਪਾਇਆ, ਸਗੋਂ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਵੀ।