ਜੰਮੂ-ਕਸ਼ਮੀਰ 'ਚ ਸਕੂਲਾਂ ਨੂੰ ਅੱਗ ਲਾਉਣਾ ਜਾਰੀ, ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ, ਹਾਈ ਕੋਰਟ ਵੀ ਮਾਮਲੇ 'ਚ ਸਖ਼ਤ

ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)-ਜੰਮੂ-ਕਸ਼ਮੀਰ 'ਚ ਅੱਤਵਾਦੀ ਅਤੇ ਸਰਹੱਦ ਪਾਰੋਂ ਫਾਇਰਿੰਗ ਵਿਚਕਾਰ ਵਾਦੀ 'ਚ ਖ਼ਤਰਨਾਕ ਸਾਜ਼ਿਸ਼ ਚੱਲ ਰਹੀ ਹੈ। ਹੁਣ ਅੱਤਵਾਦੀ ਵਾਦੀ 'ਚ ਸਕੂਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਹ 3 ਮਹੀਨਿਆਂ 'ਚ 27 ਸਕੂਲਾਂ ਨੂੰ ਅੱਗ ਲਾ ਚੁੱਕੇ ਹਨ ਅਤੇ ਐਤਵਾਰ ਉਨ੍ਹਾ ਅਨੰਤਨਾਗ ਦੇ ਇੱਕ ਸਕੂਲ ਨੂੰ ਅੱਗ ਲਾ ਦਿੱਤੀ ਅਤੇ ਇਸ ਤਰ੍ਹਾਂ ਉਨ੍ਹਾ ਦੋ ਦਿਨਾਂ 'ਚ 3 ਸਕੂਲ ਅੱਗ ਹਵਾਲੇ ਕਰ ਦਿੱਤੇ। ਇਸ ਘਟਨਾ 'ਤੇ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਸਰਕਾਰ ਤੋਂ ਰਿਪੋਰਟ ਮੰਗੀ ਹੈ ਅਤੇ ਜੰਮੂ-ਕਸ਼ਮੀਰ ਹਾਈ ਕੋਰਟ ਨੇ ਵੀ ਇਸ ਮਾਮਲੇ 'ਤੇ ਨੋਟਿਸ ਲਿਆ ਹੈ। ਜੰਮੂ-ਕਸ਼ਮੀਰ ਹਾਈ ਕੋਰਟ ਦੀ ਸ੍ਰੀਨਗਰ ਬੈਂਚ ਨੇ ਕਿਹਾ ਕਿ ਸਕੂਲਾਂ 'ਚ ਅੱਗ ਦੀਆਂ ਘਟਨਾਵਾਂ ਨੇ ਝੰਝੋਰ ਦਿੱਤਾ ਹੈ ਅਤੇ ਇਸ ਸਥਿਤੀ 'ਤੇ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ। ਅਦਾਲਤ ਨੇ ਕਿਹਾ ਕਿ ਸਕੂਲਾਂ ਦੀਆਂ ਇਮਾਰਤਾਂ ਨੂੰ ਅੱਗ ਲਾਉਣ ਵਾਲੇ ਸਿੱਖਿਆ ਦੇ ਦੁਸ਼ਮਣ ਹਨ। ਅਦਾਲਤ ਨੇ ਮੁੱਖ ਸਕੱਤਰ, ਡੀ ਜੀ ਪੀ, ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਹੁਕਮ ਦਿੱਤਾ ਹੈ ਕਿ ਸਕੂਲ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁਕੇ ਜਾਣ। ਮਾਮਲੇ 'ਤੇ ਅਗਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ।
ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਆਪਣੇ ਹੀ ਬੱਚਿਆਂ ਨਾਲ ਅਜਿਹਾ ਸਲੂਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਥਾਨਕ ਲੋਕ ਵੀ ਇਸ ਦਾ ਵਿਰੋਧ ਕਰ ਰਹੇ ਹਨ।