ਪਨਾਮਾ ਪੇਪਰ ਕੇਸ 'ਚ ਨਵਾਜ਼ ਸ਼ਰੀਫ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਵੱਲੋਂ ਜਾਂਚ ਦੇ ਹੁਕਮ


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਮੰਗਲਵਾਰ ਨੂੰ ਪਨਾਮਾ ਪੇਪਰ ਕੇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪਨਾਮਾ ਪੇਪਰ ਮਾਮਲੇ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਪਰਵਾਰ ਵਾਲਿਆਂ 'ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਹਨ।
ਚੀਫ ਜਸਟਿਸ ਅਨਵਰ ਜ਼ਹੀਰ ਜਮਾਲੀ ਦੀ ਪ੍ਰਧਾਨਗੀ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਕਈ ਕੈਬਨਿਟ ਮੰਤਰੀਆਂ, ਪਟੀਸ਼ਨ ਕਰਤਾਵਾਂ ਦੇ ਵਕੀਲਾਂ, ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਦੇ ਸੀਨੀਅਰ ਆਗੂਆਂ ਅਤੇ ਮੀਡੀਆ ਦੀ ਹਾਜ਼ਰੀ 'ਚ ਮਾਮਲੇ ਦੀ ਸੁਣਵਾਈ ਕੀਤੀ। ਇਸ ਬੈਂਚ 'ਚ ਚੀਫ ਜਸਟਿਸ ਜਮਾਲੀ ਤੋਂ ਇਲਾਵਾ ਜਸਟਿਸ ਆਸਿਫ ਸਈਦ ਖਾਨ ਖੋਸਾ, ਜਸਟਿਸ ਆਮਿਰ ਮੁਸਲਿਮ, ਜਸਟਿਸ ਸ਼ੇਖ ਅਜ਼ਮਤ ਸਈਦ ਅਤੇ ਜਸਟਿਸ ਏਜਾਜੁਲ ਅਹਿਸਨ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਇਸ ਮਾਮਲੇ 'ਚ ਨੋਟਿਸ ਜਾਰੀ ਕੀਤਾ ਸੀ।
ਅਦਾਲਤ ਨੇ ਕਿਹਾ ਕਿ ਉਹ ਇੱਕ ਜੱਜ ਦੀ ਅਗਵਾਈ 'ਚ ਪਨਾਮਾ ਪੇਪਰ ਕੇਸ ਦੀ ਜਾਂਚ ਕਰਵਾਉਣ ਨੂੰ ਤਿਆਰ ਹੈ। ਕੋਰਟ ਨੇ ਨਾਲ ਹੀ ਸਰਕਾਰ ਅਤੇ ਪਟੀਸ਼ਨ ਕਰਤਾ ਨੂੰ ਜਾਂਚ ਪੈਨਲ ਵਾਸਤੇ ਹਵਾਲਾ ਸ਼ਰਤਾਂ ਦੇਣ ਲਈ ਕਿਹਾ। ਫਿਲਹਾਲ ਮਾਮਲੇ ਦੀ ਸੁਣਵਾਈ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਰੋਜ਼ਾਨਾ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ।
ਅਦਾਲਤ ਦੇ ਆਦੇਸ਼ 'ਤੇ ਪ੍ਰਤੀਕਿਰਿਆ ਦਿੰਦਿਆਂ ਪੀ ਟੀ ਆਈ ਦੇ ਮੁਖੀ ਇਮਰਾਨ ਖਾਨ ਨੇ ਪਹਿਲਾਂ ਤੋਂ ਤਜਵੀਜ਼ਸ਼ੁਦਾ ਸਰਕਾਰ ਵਿਰੋਧੀ ਰੈਲੀ ਨੂੰ ਇਸਲਾਮਾਬਾਦ 'ਚ ਹੁਣ ਸ਼ੁਕਰਾਨਾ ਰੈਲੀ 'ਚ ਬਦਲਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਟੀਸ਼ਨਾਂ 'ਚ ਕਿਹਾ ਗਿਆ ਸੀ ਕਿ ਪਨਾਮਾ ਪੇਪਰਜ਼ ਰਾਹੀਂ ਇਹ ਖੁਲਾਸਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾ ਦੇ ਪਰਵਾਰ ਦੇ ਮੈਂਬਰਾਂ ਨੇ ਵਿਦੇਸ਼ਾਂ 'ਚ ਕੰਪਨੀਆਂ ਖੋਲ੍ਹ ਰੱਖੀਆਂ ਹਨ, ਹਾਲਾਂਕਿ ਨਵਾਜ਼ ਸ਼ਰੀਫ ਤੇ ਉਸ ਦੇ ਪਰਵਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ। ਇਮਰਾਨ ਖਾਨ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਸਨ।
ਬਾਨੀ ਗਲਾ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਉਨ੍ਹਾਂ ਸਭਨਾਂ ਦਾ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਭ੍ਰਿਸ਼ਟਾਚਾਰ ਖਿਲਾਫ ਲੜਾਈ 'ਚ ਉਨ੍ਹਾ ਦਾ ਸਾਥ ਦਿੱਤਾ।
ਇਮਰਾਨ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਘਰ ਵਾਪਸ ਜਾਓ ਅਤੇ ਆਰਾਮ ਕਰੋ। ਉਨ੍ਹਾ ਆਪਣੇ ਵਰਕਰਾਂ ਨੂੰ ਬੁੱਧਵਾਰ ਨੂੰ ਇਸਲਾਮਾਬਾਦ ਦੀ ਪ੍ਰੇਡ ਗਰਾਉਂਡ 'ਚ ਆ ਕੇ ਸ਼ੁਕਰਾਨਾ ਦਿਵਸ ਦਾ ਜਸ਼ਨ ਮਨਾਉਣ ਲਈ ਕਿਹਾ। ਸੁਪਰੀਮ ਕੋਰਟ ਦੇ ਫੈਸਲੇ ਨੂੰ ਆਪਣੀ ਜਿੱਤ ਦੱਸਦਿਆਂ ਇਮਰਾਨ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਨਵਾਜ਼ ਸ਼ਰੀਫ ਖਿਲਾਫ ਜਾਂਚ ਪਰਸੋਂ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਪਹਿਲਾਂ ਇਮਰਾਨ ਦੇ ਦੋ ਨਵੰਬਰ ਦੇ ਧਰਨੇ ਦੇ ਐਲਾਨ ਕਾਰਨ ਇਸਲਾਮਾਬਾਦ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ।