ਪਾਕਿਸਤਾਨ ਨੇ ਰਿਹਾਇਸ਼ੀ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ; 8 ਮੌਤਾਂ, 18 ਜ਼ਖਮੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਜੰਮੂ-ਕਸ਼ਮੀਰ 'ਚ ਪਾਕਿਸਤਾਨ ਦੀ ਤਰਫੋਂ ਲਗਾਤਾਰ ਫਾਇਰਿੰਗ ਹੋ ਰਹੀ ਹੈ। ਮੰਗਲਵਾਰ ਨੂੰ ਰਿਹਾਇਸ਼ੀ ਇਲਾਕਿਆਂ 'ਤੇ ਕੀਤੀ ਗਈ ਗੋਲਾਬਾਰੀ 'ਚ 8 ਨਾਗਰਿਕਾਂ ਦੀ ਮੌਤ ਹੋ ਗਈ, ਜਦ ਕਿ 18 ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਤਿੰਨ ਔਰਤਾਂ ਵੀ ਹਨ। ਇਸੇ ਦੌਰਾਨ ਘੁਸਪੈਠ ਬਾਰੇ ਇੱਕ ਨਵੇਂ ਵੀਡੀਓ 'ਚ ਇਹ ਸਾਬਤ ਹੋ ਗਿਆ ਹੈ ਕਿ ਪਾਕਿਸਤਾਨ ਕਿਸ ਤਰ੍ਹਾਂ ਅੱਤਵਾਦ ਨੂੰ ਬੜ੍ਹਾਵਾ ਦੇਣ ਦੇ ਮਿਸ਼ਨ 'ਚ ਜੁੱਟਿਆ ਹੋਇਆ ਹੈ।
ਕੌਮਾਂਤਰੀ ਸਰਹੱਦ 'ਤੇ ਸਵੇਰੇ ਸਾਢੇ 6 ਵਜੇ ਤੋਂ ਗੋਲਾਬਾਰੀ ਸੁਰੂ ਹੋ ਗਈ ਸੀ। ਅਰਨੀਆਂ 'ਚ ਵੀ ਪਾਕਿਸਤਾਨ ਦੀ ਤਰਫੋਂ ਫਾਇਰਿੰਗ ਹੋਈ। ਕਲਾਲ ਦੇ ਨੌਸ਼ੇਰਾ ਸੈਕਟਰ 'ਚ ਸਵੇਰੇ ਸਾਢੇ 5 ਵਜੇ ਤੋਂ ਬਾਅਦ ਗੋਲੀਬੰਦੀ ਦੀ ਉਲੰਘਣਾ ਹੋਈ। ਸੀਮਾ ਪਾਰ ਤੋਂ ਮਾਰਟਰ ਸੁੱਟੇ ਗਏ। ਹਾਲਾਂਕਿ ਕਿਸੇ ਨੁਕਸਾਨ ਦੀ ਖਬਰ ਨਹਂੀਂ ਹੈ। ਰਿਪੋਰਟਾਂ ਮੁਤਾਬਕ ਬਾਂਦੀਪੁਰੀ ਵਿੱਚ ਵੀ ਸੁਰੱਖਿਆ ਬਲਾਂ ਅਤੇ ਸ਼ੱਕੀ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।
ਪਿਛਲੇ ਕਈ ਦਿਨਾਂ ਤੋਂ ਅਜਿਹਾ ਕੋਈ ਦਿਨ ਨਹੀਂ ਬੀਤਿਆ ਜਦੋਂ ਪਾਕਿਸਤਾਨੀ ਫੌਜੀਆਂ ਦੀਆਂ ਬੰਦੂਕਾਂ ਸ਼ਾਂਤ ਹੋਈਆਂ ਹੋਣ। ਜੰਗਬੰਦੀ ਬਾਰ-ਬਰ ਟੁੱਟ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤੀ ਫੌਜ ਹੱਥੋਂ ਦੁੱਗਣੀ ਮਾਰ ਖਾਣ ਤੋਂ ਬਾਅਦ ਵੀ ਪਾਕਿਸਤਾਨੀ ਫੌਜ ਦੀਆਂ ਹਰਕਤਾਂ ਬੰਦ ਨਹੀਂ ਹੋ ਰਹੀਆਂ। ਪਾਕਿਸਤਾਨੀ ਫੌਜ ਦੀਆਂ ਨਾ-ਫਰਮਾਨੀਆਂ ਦੇ ਨਾਲ-ਨਾਲ ਅੱਤਵਾਦੀਆਂ ਦੀ ਘੁਸਪੈਠ ਵੀ ਲਗਾਤਾਰ ਜਾਰੀ ਹੈ। ਬਾਂਦੀਪੁਰਾ ਦੇ ਅਜ਼ਾਰ ਪਿੰਡ 'ਚ ਅੱਤਵਾਦੀਆਂ ਨਾਲ ਫੌਜ ਦਾ ਮੁਕਾਬਲਾ ਚੱਲ ਰਿਹਾ ਹੈ। ਅਜ਼ਾਰ ਪਿੰਡ ਨੂੰ ਸਵੇਰੇ ਹੀ ਖਾਲੀ ਕਰਵਾ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਪਿੰਡ ਵਿੱਚ ਲਸ਼ਕਰ ਦੇ ਦੋ ਤਿੰਨ ਅੱਤਵਾਦੀ ਛੁਪੇ ਹੋਏ ਹਨ। ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਦੇ ਮੇਂਧਰ ਬਾਲਾਕੋਟ ਅਤੇ ਮਨਕੋਟ ਇਲਾਕੇ 'ਚ ਗੋਲੀਬੰਦੀ ਦੀ ਉਲੰਘਣਾ ਹੋਈ ਸੀ। ਪਾਕਿਸਤਾਨੀ ਫੌਜ ਨੇ ਮਾਰਟਰ ਦੇ ਗੋਲਿਆਂ ਅਤੇ ਸਵੈ-ਚਾਲਕ ਹਥਿਆਰਾਂ ਨਾਲ ਭਾਰਤੀ ਫੌਜ ਦੀਆਂ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਪਹਿਲਾਂ ਐਤਵਾਰ ਦੀ ਰਾਤ ਜਦੋਂ ਭਾਰਤ 'ਚ ਦੀਵਾਲੀ ਮਨਾਈ ਜਾ ਰਹੀ ਸੀ, ਉਸ ਸਮੇਂ ਵੀ ਜੰਮੂ ਦੇ ਆਰ ਐੱਸ ਪੁਰਾ ਦੇ ਸੈਕਟਰ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ।
ਰਾਤ ਕਰੀਬ 8 ਵਜੇ ਪਾਕਿਸਤਾਨੀ ਰੇਂਜਰਜ਼ ਨੇ ਆਰ ਐੱਸ ਪੁਰਾ ਸੈਕਟਰ 'ਚ ਦੋ ਥਾਵਾਂ 'ਤੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਕੀਤੀ ਅਤੇ ਮੋਰਟਾਰ ਵੀ ਦਾਗੇ।