ਪੰਜਾਬ ਤੋਂ ਇੱਕ ਬੂੰਦ ਵੀ ਪਾਣੀ ਦੀ ਹਰਿਆਣੇ ਨੂੰ ਨਹੀਂ ਦਿੱਤੀ ਜਾਵੇਗੀ : ਬਾਦਲ


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਪੰਜਾਬੀ ਸੂਬੇ ਦੀ ਗੋਲਡਨ ਜੁਬਲੀ ਦੇ ਮਨਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਦੀ ਫਾਲਤੂ ਨਹੀਂ ਹੈ ਤੇ ਐਸ ਵਾਈ ਐਲ ਨਹਿਰ ਦੇ ਮੁੱਦੇ 'ਤੇ ਭਾਵੇਂ ਦੇਸ਼ ਦੀ ਵੱਡੀ ਤੋਂ ਵੱਡੀ ਅਦਾਲਤ ਦਾ ਵੀ ਫੈਸਲਾ ਆ ਜਾਵੇ, ਪਰ ਇੱਕ ਬੂੰਦ ਵੀ ਪਾਣੀ ਦੀ ਹਰਿਆਣੇ ਨੂੰ ਨਹੀਂ ਦਿੱਤੀ ਜਾਵੇਗੀ ਭਾਵੇਂ ਪੰਜਾਬ ਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੁਰਬਾਨੀ ਕਿਉਂ ਨਾ ਕਰਨੀ ਪਵੇ।
ਸਥਾਨਕ ਰਣਜੀਤ ਐਵੇਨਿਊ ਵਿਖੇ ਬਣਾਏ ਗਏ ਵਿਸ਼ਾਲ ਪੰਡਾਲ ਵਿੱਚ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਕੇਂਦਰ ਵਿੱਚ ਬਹੁਤ ਸਾਰਾ ਸਮਾਂ ਕਾਂਗਰਸ ਸਰਕਾਰ ਰਹੀ ਹੈ, ਜਿਸ ਨੇ ਹਮੇਸ਼ਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਤੇ ਪੰਜਾਬ ਨੂੰ ਉਜਾੜਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ, ਪਰ ਪੰਜਾਬ ਦੇ ਬਹਾਦਰ ਲੋਕਾਂ ਨੇ ਕਾਂਗਰਸ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਡਟ ਕੇ ਮੁਕਾਬਲਾ ਕੀਤਾ। ਉਹਨਾਂ ਕਿਹਾ ਕਿ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਤਾਂ 19 ਮਹੀਨੇ ਪੰਜਾਬੀਆਂ ਨੇ ਇੰਦਰਾ ਸਰਕਾਰ ਦਾ ਡਟ ਕੇ ਵਿਰੋਧ ਕਰਦਿਆਂ ਜੇਲ੍ਹਾਂ ਭਰ ਦਿੱਤੀਆਂ ਤੇ ਮਜਬੂਰ ਹੋ ਕੇ ਇੰਦਰਾ ਨੂੰ ਐਮਰਜੈਂਸੀ ਵਾਪਸ ਲੈਣੀ ਪਈ। ਉਹਨਾਂ ਕਿਹਾ ਕਿ ਕਸ਼ਮੀਰ ਦਾ ਮਸਲਾ ਵੀ ਅੱਜ ਸਿਰਫ ਕਾਂਗਰਸੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀਆਂ ਗਲਤ ਨੀਤੀਆਂ ਕਾਰਨ ਹੀ ਉਲਝਿਆ ਹੋਇਆ ਹੈ, ਕਿਉਕਿ ਪਾਕਿਸਤਾਨੀ ਫੌਜ ਜਦੋ ਸ੍ਰੀਨਗਰ ਤੋਂ ਅੱਗੇ ਬਾਰਮੂਲਾ ਤੱਕ ਪਹੁੰਚ ਗਈ ਸੀ ਤਾਂ ਉਸ ਵੇਲੇ ਪਹਿਲੀ ਸਿੱਖ ਰੈਜਮੈਂਟ ਨੂੰ ਭੇਜਿਆ ਗਿਆ, ਜਿਸ ਨੇ ਪਾਕਿਸਤਾਨੀ ਫੌਜ ਪਿੱਛੇ ਧੱਕ ਦਿੱਤੀ ਤੇ ਨਹਿਰੂ ਨੇ ਫੌਜ ਨੂੰ ਹੋਰ ਅੱਗੇ ਵਧਣ ਤੋਂ ਰੋਕ ਦਿੱਤਾ ਜਦ ਕਿ ਤੱਤਕਾਲੀ ਸਿੱਖ ਜਰਨੈਲ ਨੇ ਨਹਿਰੂ ਨੂੰ ਕਿਹਾ ਸੀ ਕਿ ਜੇਕਰ ਉਹਨਾਂ ਨੂੰ 24 ਘੰਟੇ ਦਾ ਹੋਰ ਸਮਾਂ ਦੇ ਦਿੱਤਾ ਜਾਵੇ ਤਾਂ ਉਹ ਸਾਰਾ ਕਸ਼ਮੀਰ ਹਿੰਦੋਸਤਾਨ ਵਿੱਚ ਸ਼ਾਮਲ ਕਰ ਲੈਣਗੇ, ਪਰ ਨਹਿਰੂ ਨੇ ਅਜਿਹਾ ਨਹੀਂ ਹੋਣ ਦਿੱਤਾ, ਜਿਸ ਕਰਕੇ ਅੱਜ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਸਰਵ ਉੱਚ ਸਨਮਾਨ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਦੋ ਪੰਜਾਬੀ ਕਰਮ ਸਿੰਘ ਤੇ ਮੇਜਰ ਸੋਮ ਨਾਥ ਸ਼ਰਮਾ ਸਨ। ਉਹਨਾਂ ਕਿਹਾ ਕਿ ਜਨਰਲ ਜੋਗਿੰਦਰ ਸਿੰਘ ਨੇ ਲੇਹ ਵਿੱਚ ਜਹਾਜ਼ ਉਤਾਰ ਕੇ ਚੀਨੀਆਂ ਦੀ ਖੁੰਬ ਠੱਪੀ ਸੀ ਤੇ ਜਨਰਲ ਹਰਬਖਸ਼ ਸਿੰਘ ਨੂੰ ਜਦੋਂ ਪਕਿਸਤਾਨ ਨਾਲ ਲੱਗੀ ਲੜਾਈ ਸਮੇਂ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਆਪਣੀਆਂ ਫੌਜਾਂ ਬਿਆਸ ਤੋਂ ਪਾਰ ਕਰ ਲਵੇ ਤਾਂ ਉਸ ਨੇ ਕੇਂਦਰ ਦਾ ਹੁਕਮ ਮੰਨਣ ਤੋਂ ਇਨਕਾਰ ਕਰਦਿਆਂ ਪਾਕਿਸਤਾਨੀ ਸੈਨਾ ਨੂੰ ਪਿੱਛੇ ਧੱਕ ਦਿੱਤਾ ਸੀ। ਉਸ ਦਾ ਕਹਿਣਾ ਸੀ ਕਿ ਨਨਕਾਣਾ ਸਾਹਿਬ ਤੋਂ ਬਾਅਦ ਉਹ ਕਿਸੇ ਵੀ ਸੂਰਤ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਾਕਿਸਤਾਨੀਆਂ ਦੇ ਹਵਾਲੇ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਹੀ ਦੇਸ਼ ਦੀ ਪ੍ਰਭੂਸੱਤਾ ਲਈ ਲੜਾਈ ਲੜੀ ਹੈ। ਉਹਨਾਂ ਕਿਹਾ ਕਿ 1945 ਵਿੱਚ ਕਾਂਗਰਸ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਅਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਦੇਸ਼ ਦੇ ਉੱਤਰੀ ਭਾਗ ਵਿੱਚ ਇੱਕ ਅਜਿਹਾ ਖਿੱਤਾ ਦਿੱਤਾ ਜਾਵੇਗਾ, ਜਿਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣਗੇ, ਪਰ ਅਜ਼ਾਦੀ ਤੋਂ ਬਾਅਦ ਨਹਿਰੂ ਮੁੱਕਰ ਗਏ ਤੇ ਕਿਹਾ ਕਿ ਪੰਜਾਬੀ ਸੂਬਾ ਸਿਰਫ ਉਹਨਾਂ ਦੀ ਲਾਸ਼ 'ਤੇ ਹੀ ਬਣੇਗਾ। ਉਹਨਾਂ ਕਿਹਾ ਕਿ ਨਹਿਰੂ ਨੇ ਤਾਂ ਪੰਜਾਬੀ ਸੂਬਾ ਮੰਗ ਕਰਨ ਦਾ ਨਾਅਰਾ ਲਗਾਉਣ ਵਾਲਿਆਂ ਲਈ ਤਿੰਨ ਸਾਲ ਦੀ ਸਜ਼ਾ ਦੀ ਘੋਸ਼ਣਾ ਕਰ ਦਿੱਤੀ ਸੀ, ਪਰ ਪੰਜਾਬੀਆਂ ਨੇ ਪੰਜਾਬੀ ਸੂਬੇ ਦਾ ਨਾਅਰਾ ਮਾਰਿਆ ਤੇ 13000 ਪੰਜਾਬੀ ਜੇਲ੍ਹਾਂ ਵਿੱਚ ਗਏ, 59000 ਨੇ ਗ੍ਰਿਫਤਾਰੀਆਂ ਦਿੱਤੀਆਂ ਤੇ 43 ਸ਼ਹੀਦ ਹੋਏ ਅਤੇ ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਬਣ ਗਿਆ। ਨਹਿਰੂ ਤੋਂ ਲੈ ਕੇ ਰਾਜੀਵ ਗਾਂਧੀ ਤੱਕ ਪੰਜਾਬ ਨਾਲ ਵੱਡੀ ਪੱਧਰ 'ਤੇ ਵਿਤਕਰਾ ਹੀ ਹੁੰਦਾ ਰਿਹਾ।
ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੁਦਰਤ ਨੇ ਹਰ ਸੂਬੇ ਨੂੰ ਕੁਝ ਨਾ ਕੁਝ ਵਰਦਾਨ ਦਿੱਤਾ ਹੈ। ਪੰਜਾਬ ਨੂੰ ਪਾਣੀ ਤੇ ਰਾਜਸਥਾਨ ਨੂੰ ਜਿਪਸਮ ਤੇ ਸੰਗਮਰਮਰ ਦਿੱਤਾ ਹੈ। ਉਹਨਾਂ ਕਿਹਾ ਕਿ ਰਾਜਸਥਾਨ ਪੰਜਾਬ ਦਾ ਪਾਣੀ ਤਾਂ ਮੁਫਤ ਵਿੱਚ ਲੈ ਰਿਹਾ ਹੈ, ਪਰ ਸੰਗਮਰਮਰ ਪੰਜਾਬ ਨੂੰ ਮੁੱਲ ਦੇ ਰਿਹਾ ਹੈ। ਉਹਨਾਂ ਕਿਹਾ ਕਿ ਐਸ.ਵਾਈ .ਐਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਤੱਤਕਾਲੀ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਦੇਣ ਹੈ, ਪਰ ਪੰਜਾਬ ਦੇ ਲੋਕਾਂ ਵੱਲੋਂ ਕੀਤੀਆਂ ਕੁਰਬਾਨੀਆਂ ਨਾਲ ਇਹ ਨਹਿਰ ਪੂਰੀ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਪੰਜਾਬ ਕੋਲ ਕੋਈ ਵੀ ਫਾਲਤੂ ਪਾਣੀ ਨਹੀਂ ਹੈ, ਜਿਹੜਾ ਹਰਿਆਣਾ ਨੂੰ ਦਿੱਤਾ ਜਾ ਸਕੇ। ਉਹਨਾਂ ਕੇਂਦਰ ਸਰਕਾਰ ਨੂੰ ਤਾੜਨਾ ਤੇ ਸੁਪਰੀਮ ਕੋਰਟ ਨੂੰ ਵੰਗਾਰਦਿਆਂ ਕਿਹਾ ਕਿ ਦੇਸ਼ ਦੀ ਵੱਡੀ ਤੋਂ ਵੱਡੀ ਅਦਾਲਤ ਦਾ ਵੀ ਭਾਂਵੇ ਕੋਈ ਵੀ ਫੈਸਲਾ ਕਿਉਂ ਨਾ ਆ ਜਾਵੇ, ਪਰ ਪੰਜਾਬ ਇੱਕ ਬੂੰਦ ਵੀ ਪਾਣੀ ਦੀ ਬਾਹਰ ਨਹੀਂ ਜਾਣ ਦੇਵੇਗਾ ਭਾਂਵੇ ਉਹਨਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਵੀ ਕਿਉਂ ਨਾ ਕਰਨੀਆਂ ਪੈਣ।
ਭਾਜਪਾ-ਅਕਾਲੀ ਗਠਜੋੜ ਨੂੰ ਅਟੁੱਟ ਜੋੜ ਦੱਸਦਿਆਂ ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲ ਉਹਨਾਂ ਨੇ ਪੰਜਾਬ ਦਾ ਵਿਕਾਸ ਕੀਤਾ ਹੈ ਤੇ ਅਗਲੇ ਪੰਜ ਸਾਲ ਖੁਸ਼ਹਾਲੀ ਲਈ ਹੋਣਗੇ ਤੇ ਹਰ ਪੰਜਾਬੀ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦੀ ਰਾਜਧਾਨੀ ਬਾਰੇ ਕੇਂਦਰ ਸਰਕਾਰ ਤੁਰੰਤ ਫੈਸਲਾ ਕਰੇ। ਉਹਨਾਂ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਦੇਸ਼ ਦਾ ਦਿਮਾਗ ਤੇ ਅਰਥਚਾਰੇ ਦੇ ਮਾਹਿਰ ਦੇ ਲਕਬ ਨਾਲ ਵੀ ਸੰਬੋਧਨ ਕੀਤਾ।
ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਪੰਜਾਬ ਲਈ ਕਿਸੇ ਵੀ ਪੈਕਜ ਦਾ ਕੋਈ ਐਲਾਨ ਨਾ ਕੀਤਾ, ਪਰ ਪੰਜਾਬੀਆਂ ਦੀ ਬਹਾਦਰੀ ਤੇ ਕੁਰਬਾਨੀਆਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਪੰਜਾਬੀਆਂ ਨੇ ਹਰ ਖੇਤਰ ਵਿੱਚ ਦੇਸ਼ ਦੇ ਵਿਕਾਸ ਲਈ ਹਿੱਸਾ ਪਾਇਆ ਹੈ। ਉਹਨਾਂ ਕਿਹਾ ਕਿ ਕਰੀਬ 30-35 ਸਾਲ ਵਿਰੋਧੀ ਪਾਰਟੀ ਦੀ ਸਰਕਾਰ ਰਹੀ ਹੈ ਅਤੇ ਕਰੀਬ 15 ਸਾਲ ਹੀ ਭਾਜਪਾ ਤੇ ਅਕਾਲੀਆਂ ਨੂੰ ਰਾਜ ਕਰਨ ਦਾ ਸਮਾਂ ਮਿਲਿਆ ਹੈ, ਪਰ 15 ਸਾਲਾਂ ਵਿੱਚ ਵਧੇਰੇ ਵਿਕਾਸ ਹੋਇਆ ਹੈ। ਉਹਨਾਂ ਪੰਜਾਬ ਨੂੰ ਦੇਸ਼ ਦੀ ਖੜਗ ਭੁੱਜਾ ਦੱਸਦਿਆਂ ਕਿਹਾ ਕਿ 1971 ਦੀ ਜੰਗ ਵੇਲੇ ਜੋ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਐਮਰਜੈਂਸੀ ਦੌਰਾਨ ਦੇਸ਼ ਦੇ ਲੋਕਤੰਤਰ ਨੂੰ ਜਦੋਂ ਖਤਰਾ ਪੈਦਾ ਹੋਇਆ ਤਾਂ ਪੰਜਾਬੀਆਂ ਨੇ ਵੱਧ-ਚੜ੍ਹ ਕੇ ਇਸ ਸੰਘਰਸ਼ ਵਿੱਚ ਹਿੱਸਾ ਪਾਇਆ। ਉਹਨਾਂ ਕਿਹਾ ਕਿ ਜਲ੍ਹਿਆਂਵਾਲੇ ਬਾਗ ਨੂੰ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਹੈ ਅਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਖਾਹਿਸ਼ ਹੈ ਕਿ ਅੰਮ੍ਰਿਤਸਰ ਸਿਰਫ ਪੂਰੇ ਦੇਸ਼ ਦਾ ਹੀ ਨਹੀਂ ਸਗੋ ਦੁਨੀਆ ਭਰ ਦਾ ਸੁੰਦਰ ਤੇ ਵਿਕਾਸਸ਼ੀਲ ਸ਼ਹਿਰ ਬਣੇ, ਜਿਸ ਲਈ ਕੇਂਦਰ ਸਰਕਾਰ ਹਰ ਪ੍ਰਕਾਰ ਨਾਲ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ 1984 ਵਿੱਚ ਪੰਜਾਬ ਦਾ ਵਿਨਾਸ਼ ਕੀਤਾ ਤੇ ਅਕਾਲੀ-ਭਾਜਪਾ ਨੇ 2016 ਵਿੱਚ ਵਿਕਾਸ ਕੀਤਾ। ਉਹਨਾਂ ਕਿਹਾ ਕਿ ਦੋਹਾਂ ਦੀ ਸੋਚ ਇੱਕ ਦੂਜੇ ਦੇ ਵਿਪਰੀਤ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਸਮਾਂ ਕਾਲਾ ਅਧਿਆਇ ਹੈ, ਜਿਸ ਨੂੰ ਦੁਬਾਰਾ ਨਹੀ ਦੁਹਰਾਉਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਢਿੱਲ-ਮੱਠ ਦੀਆਂ ਨੀਤੀਆਂ ਕਾਰਨ ਸਰਹੱਦ 'ਤੇ ਦੁਸ਼ਮਣ ਦੀਆਂ ਫੌਜਾਂ ਬਾਰ-ਬਾਰ ਭਾਰਤੀ ਜਵਾਨਾਂ ਨਾਲ ਖਿਲਵਾੜ ਕਰਦੀਆਂ ਸਨ, ਪਰ ਭਾਜਪਾ ਸਰਕਾਰ ਨੇ ਅਜਿਹਾ ਮੂੰਹ ਤੋੜ ਜਵਾਬ ਦਿੱਤਾ ਕਿ ਅੱਜ ਦੁਸ਼ਮਣ ਦੁੰਬ ਦਬਾ ਕੇ ਭੱਜ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਤੇ ਬਲੀਦਾਨ ਦੀ ਜਿਹੜੀ ਪਰੰਪਰਾ ਤੋਰੀ ਹੈ, ਉਸ ਨੂੰ ਸਿੱਖ ਭਰਾਵਾਂ ਵਿੱਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰ ਦਿੱਤਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਤੇ ਜ਼ਾਲਮ ਦਾ ਜਿਸ ਤਰੀਕੇ ਨਾਲ ਸਿਰ ਫੇਹਿਆ, ਉਸ ਦੀ ਮਿਸਾਲ ਵੀ ਹੋਰ ਕਿਧਰੇ ਨਹੀ ਮਿਲਦੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਸਾਰੇ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾਵੇਗਾ ਤੇ ਉਹਨਾਂ ਦੀਆ ਸਿੱਖਿਆਵਾਂ ਤੇ ਵਿਚਾਰਧਾਰਾ ਨੂੰ ਘਰ ਘਰ ਤੱਕ ਪੁਹੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਕੌਮੀ ਏਕਤਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਵਾਲੇ ਪੰਜਾਬ ਦੇ ਦੋਸਤ ਨਹੀ ਸਗੋ ਦੁਸ਼ਮਣ ਹਨ। ਅਖੀਰ ਵਿੱਚ ਉਹਨਾਂ ਨੇ ਕੋਈ ਪੰਥਕ ਜੈਕਾਰਾ ਬੁਲਾਉਣ ਦੀ ਬਜਾਏ ਆਪਣੀ ਤਕਰੀਰ ਵੰਦੇ ਮਾਤਰਮ ਦਾ ਨਾਅਰਾ ਉਚਾਰਨ ਕਰਕੇ ਖਤਮ ਕੀਤੀ।
ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀਆ ਪ੍ਰਾਪਤੀਆ ਗਿਣਾਉਂਦਿਆਂ ਕਿਹਾ ਕਿ ਜਿੰਨਾ ਵਿਕਾਸ ਪੰਜਾਬ ਦਾ ਪਿਛਲੇ ਦਸ ਸਾਲਾਂ ਵਿੱਚ ਹੋਇਆ ਹੈ, ਇੰਨਾ ਪਿਛਲੇ 50 ਸਾਲਾਂ ਵਿੱਚ ਨਹੀ ਹੋਇਆ ਹੈ। ਉਹਨਾਂ ਕਿਹਾ ਕਿ ਅਗਲੇ 15 ਦਿਨਾਂ ਦੇ ਅੰਦਰ ਅੰਦਰ ਪਿੰਡਾਂ ਵਿੱਚ 2500 ਸਰਕਾਰੀ ਮੈਡੀਕਲ ਸਟੋਰ ਖੋਹਲੇ ਜਾ ਰਹੇ ਹਨ ਜਿਥੋ ਹਰੇਕ ਡਾਕਟਰ ਵੱਲੋ ਲਿਖੀ ਦਵਾਈ ਹਰੇਕ ਵਿਅਕਤੀ ਫਰੀ ਮਿਲੇਗੀ। ਉਹਨਾਂ ਕਿਹਾ ਕਿ ਪਿਛਲੇ ਦਸਾ ਸਾਲਾਂ ਵਿੱਚ ਪੌਣੇ ਤਿੰਨ ਲੱਖ ਲੋਕਾਂ ਨੂੰ ਨੌਕਰੀਆ ਦਿੱਤੀਆ ਗਈਆਂ ਹਨ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਦੁਰਗਿਆਨਾ ਮੰਦਰ ਦੀ ਸਾਂਭ-ਸੰਭਾਲ ਲਈ ਸੌ ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਸਮੇਂ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਅਟਵਾਲ, ਭਾਜਪਾ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ, ਅਨਿਲ ਜੋਸ਼ੀ, ਵਿਰਸਾ ਸਿੰਘ ਵਲਟੋਹਾ, ਰਣਜੀਤ ਸਿੰਘ ਬ੍ਰਹਮਪੁਰਾ, ਰਾਵਿੰਦਰ ਸਿੰਘ ਬ੍ਰਹਮਪੁਰਾ, ਬੀਬੀ ਹਰਸਿਮਰਤ ਕੌਰ ਬਾਦਲ, ਜ਼ਿਲ੍ਹਾ ਪ੍ਰਧਾਨ ਭਾਜਪਾ ਰਾਜੇਸ਼ ਹਨੀ, ਗੁਰਪ੍ਰਤਾਪ ਸਿੰਘ ਟਿੱਕਾ, ਸੁਖਦੇਵ ਸਿੰਘ ਢੀਂਡਸਾ, ਬਲਵਿੰੰਦਰ ਸਿੰਘ ਭੂੰਦੜ, ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲਉਸਮਾ, ਗੁਰਵਿੰਦਰ ਸਿੰਘ ਰਣੀਕੇ ਆਦਿ ਵੀ ਹਾਜ਼ਰ ਸਨ। ਅਖੀਰ ਵਿੱਚ ਪੰਜਾਬੀ ਸੂਬੇ ਵਿੱਚ ਯੋਗਦਾਨ ਪਾਉਣ ਵਾਲੇ ਛੇ ਪਰਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚ ਮਾਸਟਰ ਤਾਰਾ ਸਿੰਘ ਦੇ ਪਰਵਾਰ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨੋਜਤ ਕੌਰ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਪਰਵਾਰ ਵਿੱਚੋ ਸੋਹਨ ਸਿੰਘ ਤੇ ਨਵਤੇਜ ਸਿੰਘ, ਸੇਠ ਰਾਮ ਨਾਥ ਦੇ ਪਰਵਾਰ ਦੇ ਅਸ਼ੋਕ ਸੇਠ, ਕਰਮ ਸਿੰਘ ਗਾਂਧੀ ਤੇ ਅਜੈਬ ਸਿੰਘ ਗਾਂਧੀ, ਸੁਖਬੀਰ ਸਿੰਘ ਪਾਲ ਸਿੰਘ ਅਤੇ ਜਥੇਦਾਰ ਮੋਹਨ ਸਿੰਘ ਮੱਟੀਆ ਸ਼ਾਮਲ ਸਨ। ਅਰੁਣ ਜੇਤਲੀ ਤੇ ਅਮਿਤ ਸ਼ਾਹ ਨੂੰ ਸਟੇਜ 'ਤੇ ਗੇਰੀਓ ਰੰਗ ਦੀਆਂ ਪੱਗਾਂ ਬੰਨ੍ਹ ਕੇ ਬਿਠਾਇਆ ਗਿਆ ਸੀ।