ਸਰਹੱਦ 'ਤੇ ਤਣਾਅ; ਮੋਦੀ ਵੱਲੋਂ ਉੱਚ ਪੱਧਰੀ ਮੀਟਿੰਗ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੌਮਾਂਤਰੀ ਸਰਹੱਦ ਅਤੇ ਲਾਈਨ ਆਫ ਕੰਟਰੋਲ 'ਤੇ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਲਗਾਤਾਰ ਉਲੰਘਣਾ ਕਾਰਨ ਦੋਹਾਂ ਦੇਸ਼ਾਂ 'ਚ ਵਧਦੇ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ 'ਚ ਸੁਰੱਖਿਆ ਸੰਬੰਧੀ ਹਾਲਾਤ ਦੀ ਸਮੀਖਿਆ ਕੀਤੀ ਗਈ। ਮੀਟਿੰਗ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਮਨੋਹਰ ਪਰਿੱਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸ਼ਾਮਲ ਹੋਏ। ਸੂਤਰਾਂ ਅਨੁਸਾਰ ਮੀਟਿੰਗ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਬੇਹਤਰ ਢੰਗ ਨਾਲ ਨਾਕਾਮ ਕਰਨ ਅਤੇ ਪਾਕਿਸਤਾਨ ਨੂੰ ਕਾਰਾ ਜਵਾਬ ਦੇਣ ਦੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਲਗਾਤਾਰ ਉਲੰਘਣਾ ਕਾਰਨ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਸੂਤਰਾਂ ਅਨੁਸਾਰ ਦੋਹਾਂ ਦੇਸ਼ਾਂ 'ਚ ਫੌਜੀ ਤਣਾਅ ਕਾਰਨ ਆਮ ਲੋਕਾਂ ਨੂੰ ਹੋ ਰਹੇ ਨੁਕਸਾਨ ਕਾਰਨ ਮੋਦੀ ਸਰਕਾਰ ਬੇਹੱਦ ਫਿਕਰਮੰਦ ਹੈ।
ਪਤਾ ਚੱਲਿਆ ਹੈ ਕਿ ਵਾਦੀ 'ਚ ਸਕੂਲਾਂ ਤੇ ਹੋਰ ਸਿੱਖਿਆ ਅਦਾਰਿਆਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਮੀਟਿੰਗ 'ਚ ਗੱਲਬਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਵਾਦੀ 'ਚ ਵੱਖਵਾਦੀ ਆਗੂ ਸਕੂਲ ਨਹੀਂ ਖੁੱਲ੍ਹਣ ਦੇ ਰਹੇ ਅਤੇ ਵਾਦੀ 'ਚ ਬਹੁਤ ਸਾਰੇ ਸਕੂਲਾਂ 'ਚ ਭੰਨ-ਤੋੜ ਅਤੇ ਸਾੜ-ਫੂਕ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਫੌਜ ਵੱਲੋਂ ਕੱਲ੍ਹ ਸਰਹੱਦੀ ਇਲਾਕਿਆਂ 'ਚ ਮੋਰਟਾਰ ਰਾਹੀਂ ਸੁੱਟੇ ਗਏ ਭਾਰੀ ਗੋਲਿਆਂ ਕਾਰਨ 5 ਔਰਤਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਵਿਅਕਤੀ ਜ਼ਖਮੀ ਹੋ ਗਏ। ਪਾਕਿਸਤਾਨੀ ਫਾਇਰਿੰਗ ਕਾਰਨ ਸਰਹੱਦੀ ਲੋਕ ਆਪਣੇ ਘਰਾਂ ਤੋਂ ਹਿਜਰਤ ਲਈ ਮਜਬੂਰ ਹੋ ਗਏ ਹਨ। ਉਧਰ ਬੀ ਐੱਸ ਐੱਫ ਨੇ ਕਿਹਾ ਕਿ ਪਾਕਿਸਤਾਨੀ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਸਰਹੱਦ 'ਤੇ ਪਾਕਿਸਤਾਨ ਦੀਆਂ 14 ਚੌਕੀਆਂ ਤਬਾਹ ਕਰ ਦਿੱਤੀਆਂ ਹਨ। ਉਧਰ ਪਾਕਿਸਤਾਨ ਭਾਰਤ 'ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾ ਰਿਹਾ ਹੈ। ਪਾਕਿਸਤਾਨ ਵੱਲੋਂ ਮੰਗਲਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ ਅਤੇ ਵਿਰੋਧ ਪ੍ਰਗਟਾਇਆ। ਪਾਕਿਸਤਾਨ ਵੱਲੋਂ ਇੱਕ ਹਫਤੇ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਚੌਥੀ ਵਾਰ ਤਲਬ ਕੀਤਾ ਗਿਆ। ਪਾਕਿਸਤਾਨ ਨੇ ਕਿਹਾ ਕਿ ਭਾਰਤੀ ਸੁਰੱਖਿਆ ਦਸਤਿਆਂ ਦੀ ਕਾਰਵਾਈ 'ਚ ਇੱਕ ਔਰਤ ਸਮੇਤ 6 ਵਿਅਕਤੀ ਮਾਰੇ ਗਏ ਅਤੇ 8 ਹੋਰ ਵਿਅਕਤੀ ਜ਼ਖਮੀ ਹੋ ਗਏ।