ਰਾਹੁਲ, ਕੇਜਰੀਵਾਲ, ਸਿਸੋਦੀਆ ਨੂੰ ਦੁਖੀ ਪਰਵਾਰ ਨਾਲ ਨਾ ਮਿਲਣ ਦਿੱਤਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਾਬਕਾ ਫੌਜੀ ਵੱਲੋਂ ਜੰਤਰ-ਮੰਤਰ ਵਿਖੇ ਖੁਦਕੁਸ਼ੀ ਕਰ ਲਏ ਜਾਣ ਮਗਰੋਂ ਸਿਆਸਤ ਗਰਮਾ ਗਈ ਹੈ। ਖੁਦਕੁਸ਼ੀ ਕਰਨ ਵਾਲੇ ਜਵਾਨ ਦੇ ਪਰਵਾਰ ਨਾਲ ਮੁਲਾਕਾਤ ਕਰਨ ਗਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪੁਲਸ ਨੇ ਨਾ ਸਿਰਫ ਮ੍ਰਿਤਕ ਜਵਾਨ ਦੇ ਪਰਵਾਰ ਨਾਲ ਮੁਲਾਕਾਤ ਤੋਂ ਰੋਕ ਦਿੱਤਾ ਸਗੋਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੁਖੀ ਪਰਵਾਰ ਨਾਲ ਮੁਲਾਕਾਤ ਨਾ ਕਰਨ ਦਿੱਤੀ ਗਈ। ਰਾਹੁਲ ਗਾਂਧੀ ਨੂੰ ਦੋ ਵਾਰ ਹਿਰਾਸਤ 'ਚ ਲਿਆ ਗਿਆ। ਕੇਜਰੀਵਾਲ ਜਦੋਂ ਮ੍ਰਿਤਕ ਜਵਾਨ ਦੇ ਪੋਸਟਮਾਰਟਮ ਵਾਲੀ ਥਾਂ ਲੇਡੀ ਹਾਰਡਿੰਗ ਹਸਪਤਾਲ ਪੁੱਜੇ ਤਾਂ ਪੁਲਸ ਨੇ ਉਹਨਾਂ ਨੂੰ ਹਸਪਤਾਲ ਅੰਦਰ ਜਾਣੋਂ ਰੋਕ ਦਿੱਤਾ ਅਤੇ ਦੁਖੀ ਪਰਵਾਰ ਨਾਲ ਮੁਲਾਕਾਤ ਨਾ ਕਰਨ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਹਾਂ, ਮੈਨੂੰ ਦੁਖੀ ਪਰਵਾਰ ਨਾਲ ਮੁਲਾਕਾਤ ਤੋਂ ਕਿਉਂ ਰੋਕਿਆ ਜਾ ਰਿਹਾ ਹੈ, ਪਰ ਪੁਲਸ ਨੇ ਉਹਨਾਂ ਨੂੰ ਇਸ ਗੱਲ ਦਾ ਕੋਈ ਜੁਆਬ ਨਾ ਦਿੱਤਾ।
ਇਸ ਤੋਂ ਪਹਿਲਾਂ ਮ੍ਰਿਤਕ ਦੇ ਵਾਰਸਾਂ ਨੂੰ ਮਿਲਣ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਪੁੱਜੇ ਰਾਹੁਲ ਗਾਂਧੀ ਨੂੰ ਪੁਲਸ ਨੇ ਮ੍ਰਿਤਕ ਦੇ ਪਰਵਾਰ ਨਾਲ ਮੁਲਾਕਾਤ ਨਾ ਕਰਨ ਦਿੱਤੀ ਅਤੇ ਉਹਨਾਂ ਨੂੰ ਹਿਰਾਸਤ ਲੈ ਕੇ ਮੰਦਰ ਮਾਰਗ ਥਾਣੇ ਲਿਜਾਇਆ ਗਿਆ, ਜਿੱਥੋਂ ਉਹਨਾਂ ਨੂੰ ਕੁਝ ਦੇਰ ਬਾਅਦ ਛੱਡ ਦਿੱਤਾ ਗਿਆ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਜਵਾਨ ਦੇ ਪਰਵਾਰ ਨਾਲ ਨਾ ਮਿਲਣ ਦਿੱਤਾ ਗਿਆ, ਇਹ ਕਿਹੋ ਜਿਹਾ ਹਿੰਦੁਸਤਾਨ ਬਣ ਰਿਹਾ ਹੈ ਅਤੇ ਇਹ ਕਿਹੋ ਜਿਹਾ ਲੋਕਤੰਤਰ ਹੈ। ਰਾਹੁਲ ਗਾਂਧੀ ਨੂੰ ਹਿਰਾਸਤ 'ਚ ਲੈਣ ਦੀ ਖਬਰ ਮਿਲਣ ਮਗਰੋਂ ਕਾਂਗਰਸ ਵਰਕਰਾਂ ਨੇ ਮੰਦਰ ਮਾਰਗ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਇੱਕ ਜਵਾਨ ਕੇਂਦਰ ਸਰਕਾਰ ਦੀਆਂ ਹਰਕਤਾਂ ਕਾਰਨ ਖੁਦਕੁਸ਼ੀ ਕਰ ਲੈਂਦਾ ਹੈ ਅਤੇ ਉਸ ਦੇ ਪਰਵਾਰ ਨਾਲ ਗੱਲ ਕਰਨ 'ਤੇ ਮੈਨੂੰ ਹਿਰਾਸਤ 'ਚ ਲਿਆ ਜਾਂਦਾ ਹੈ ਇਹ ਤਾਂ ਹੱਦ ਹੈ। ਉਨ੍ਹਾ ਕਿਹਾ ਕਿ ਦਿੱਲੀ ਦਾ ਉਪ ਮੁੱਖ ਮੰਤਰੀ ਕਿਸੇ ਦੁਖੀ ਪਰਵਾਰ ਨੂੰ ਮਿਲੇ ਤਾਂ ਕਾਨੂੰਨ ਵਿਵਸਥਾ ਖਤਰੇ 'ਚ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਪੁੱਛਣ 'ਤੇ ਮੈਨੂੰ ਦਸਿਆ ਕਿ ਧਾਰਾ 65 ਤਹਿਤ ਪੁਲਸ ਬਿਨਾਂ ਕੋਈ ਕਾਗਜ਼ ਦਿਖਾਏ 23 ਘੰਟੇ ਤੱਕ ਹਿਰਾਸਤ 'ਚ ਰੱਖ ਸਕਦੀ ਹੈ।