ਰਿਟਾਇਰਮੈਂਟ ਮਗਰੋਂ ਪੀ ਐੱਫ ਦੇ ਪੈਸੇ ਲਈ ਨਹੀਂ ਕਰਨੀ ਪਵੇਗੀ ਉਡੀਕ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਰਮਚਾਰੀ ਭਵਿੱਖਨਿਧੀ ਸੰਗਠਨ (ਈ ਪੀ ਐੱਫ ਓ) ਨੇ ਕਿਹਾ ਹੈ ਕਿ ਉਸ ਨੇ ਆਪਣੇ ਅਧਿਕਾਰੀਆਂ ਨੂੰ ਮੌਤ ਸੰਬੰਧੀ ਦਾਅਵਿਆਂ ਦਾ ਨਿਪਟਾਰਾ 7 ਦਿਨਾਂ 'ਚ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਸੇ ਤਰ੍ਹਾਂ ਉਹਨਾਂ ਨੂੰ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਦਾ ਹਿਸਾਬ-ਕਿਤਾਬ ਰਿਟਾਇਰਮੈਂਟ ਤੋਂ ਪਹਿਲਾਂ ਹੀ ਤੈਅ ਕਰਨ ਲਈ ਦਿੱਤਾ ਗਿਆ ਹੈ।
ਕਿਰਤ ਮੰਤਰਾਲੇ ਦੇ ਇੱਕ ਤਰਜਮਾਨ ਨੇ ਕਿਹਾ ਕਿ ਕਿਰਤ ਮੰਤਰੀ ਬੰਡਾਰੂ ਦੱਤਾਤਰੇਅ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 26 ਅਕਤੂਬਰ ਨੂੰ ਹੋਈ ਮੀਟਿੰਗ 'ਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਦੀ ਸਮੀਖਿਆ ਕੀਤੀ। ਕੇਂਦਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ ਨੇ ਉਹਨਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਹੁਕਮ 'ਤੇ ਈ ਪੀ ਐੱਫ ਓ ਨੇ ਰਿਟਾਇਰਮੈਂਟ ਅਤੇ ਮੌਤ ਸੰਬੰਧੀ ਦਾਅਵਿਆਂ ਦੇ ਨਿਪਟਾਰੇ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਉਨ੍ਹਾ ਨੇ ਇੱਕ ਸਰਕੁਲਰ ਆਪਣੇ ਸਾਰੇ ਦਫਤਰਾਂ ਨੂੰ ਭੇਜਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਮੈਂਬਰਾਂ ਨੂੰ ਰਿਟਾਇਰਮੈਂਟ ਵਾਲੇ ਦਿਨ ਪੀ ਐੱਫ ਅਤੇ ਪੈਨਸ਼ਨ ਦੀ ਅਦਾਇਗੀ ਯਕੀਨੀ ਬਣਾਉਣ ਲਈ ਰਿਟਾਇਰ ਹੋਣ ਵਾਲੇ ਮੈਂਬਰਾਂ ਦੀ ਲਿਸਟ ਤਿੰਨ ਮਹੀਨੇ ਪਹਿਲਾਂ ਤਿਆਰ ਕਰ ਲੈਣੀ ਚਾਹੀਦੀ ਹੈ ਅਤੇ ਇਸ ਬਾਰੇ ਸੰਬੰਧਤ ਮੈਂਬਰ ਅਤੇ ਉਸ ਦੇ ਮਾਲਕ ਨੂੰ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮਾਲਕ ਨੂੰ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਮੁਲਾਜ਼ਮ ਦੇ ਪੀ ਐੱਫ ਅਕਾਊਂਟ 'ਚ ਆਪਣਾ ਹਿੱਸਾ ਰਿਟਾਇਰਮੈਂਟ ਤੋਂ ਇੱਕ ਮਹੀਨੇ ਪਹਿਲਾਂ ਜਮ੍ਹਾ ਕਰਵਾ ਦੇਵੇ। ਰਿਟਾਇਰਮੈਂਟ ਵਾਲੇ ਮੁਲਾਜ਼ਮ ਨੂੰ ਪੀ ਐੱਫ ਪੈਨਸ਼ਨ ਕਲੇਮ ਫਾਰਮ ਵੀ ਪਹਿਲਾਂ ਹੀ ਭੇਜ ਦਿੱਤਾ ਜਾਵੇ ਤਾਂ ਜੋ ਉਹ ਸਮੇਂ ਸਿਰ ਭਰ ਕੇ ਭੇਜ ਸਕੇ। ਕਰਮਚਾਰੀ ਨੂੰ ਇਹ ਕਲੇਮ ਫਾਰਮ ਰਿਟਾਇਰਮੈਂਟ ਤੋਂ 14 ਦਿਨ ਪਹਿਲਾਂ ਸੰਬੰਧਤ ਦਫਤਰ 'ਚ ਜਮ੍ਹਾ ਕਰਵਾਉਣਾ ਹੋਵੇਗਾ।