ਕੈਪਟਨ ਨੇ ਟਾਈਟਲਰ ਦੇ ਪੱਖ 'ਚ ਬਿਆਨ ਦੇ ਕੇ ਸਿੱਖ ਕੌਮ ਨਾਲ ਧੋਖਾ ਕੀਤੈ : ਸੁਖਬੀਰ

ਧਾਰੀਵਾਲ/ਬਟਾਲਾ
(ਸੁੱਚਾ ਪਸਨਾਵਾਲ)
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ 'ਚੋਂ ਦੋਸ਼ ਮੁਕਤ ਕਰਨ ਅਤੇ ਉਸ ਦੇ ਹੱਕ 'ਚ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਨੇ ਇਹ ਬਿਆਨ ਦੇ ਕੇ ਸਿੱਖ ਕੌਮ ਨਾਲ ਵੱਡਾ ਧ੍ਰੋਹ ਕਮਾਇਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦੇ ਕੇ ਗਾਂਧੀ ਪਰਵਾਰ ਨਾਲ ਤਾਂ ਆਪਣੀ ਸਾਂਝ ਪੁਗਾ ਦਿੱਤੀ ਹੈ, ਪਰ ਉਸ ਨੇ ਅਜਿਹਾ ਕਰਕੇ 1984 ਦੇ ਦੰਗਾ ਪੀੜਤਾਂ ਤੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰ ਦਿੱਤੇ ਹਨ। ਉਨ੍ਹਾ ਕਿਹਾ ਕਿ ਕਾਂਗਰਸ ਪਾਰਟੀ ਤੇ ਗਾਂਧੀ ਪਰਵਾਰ ਹਮੇਸ਼ਾ ਹੀ ਸਿੱਖ ਵਿਰੋਧੀ ਰਿਹਾ ਹੈ ਅਤੇ ਕਾਂਗਰਸ ਪਾਰਟੀ ਨੇ ਹੀ ਸਾਡੇ ਪਾਵਨ ਗੁਰਧਾਮਾਂ ਨੂੰ ਟੈਂਕਾ ਤੋਪਾਂ ਨਾਲ ਢਾਹਿਆ ਸੀ, ਜਿਸ ਨੂੰ ਸਿੱਖ ਕੌਮ ਕਦੀ ਮੁਆਫ ਨਹੀਂ ਕਰ ਸਕਦੀ। ਪਿੰਡ ਵਡਾਲਾ ਗ੍ਰੰਥੀਆਂ ਵਿਖੇ ਪੇਂਡੂ ਸੇਵਾ ਕੇਂਦਰ ਦੇ ਉਦਘਾਟਨ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਵਲ ਨਕਾਰੇ ਹੋਏ ਤੇ ਦਲ-ਬਦਲੂਆਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਧਰਮ ਦਾ ਸਤਿਕਾਰ ਨਹੀਂ ਕਰਦੀ ਅਤੇ ਇਸ ਦੇ ਆਗੂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ। ਉਨ੍ਹਾ ਕਿਹਾ ਕਿ ਆਪ ਸਰਕਾਰ ਦਿੱਲੀ 'ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਇਸ ਦੇ ਬਹੁਤ ਸਾਰੇ ਆਗੂ ਵੱਖ-ਵੱਖ ਮਾਮਲਿਆਂ 'ਚ ਜੇਲ੍ਹ ਦੀ ਹਵਾ ਖਾ ਰਹੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਭਲੇ-ਬੁਰੇ 'ਚ ਫਰਕ ਕਰਨਾ ਜਾਣਦੇ ਹਨ ਅਤੇ ਇਹੀ ਕਾਰਨ ਹੈ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਸੇਵਾ ਕੇਂਦਰਾਂ ਸੰਬੰਧੀ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੁਧਾਰਾਂ ਵੱਲ ਵਿਸ਼ੇਸ ਤਵੱਜੋ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ 'ਚ ਸੇਵਾ ਕੇਂਦਰ ਸ਼ੁਰੂ ਹੋਣ ਮਗਰੋਂ ਹੁਣ ਕਿਸੇ ਨੂੰ ਵੀ ਆਪਣੇ ਸਰਕਾਰੀ ਕੰਮਾਂ ਲਈ ਸ਼ਹਿਰਾਂ ਦੇ ਦਫਤਰਾਂ ਦਾ ਰੁਖ ਨਹੀਂ ਕਰਨਾ ਪਵੇਗਾ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਹਨਾ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਸਾਢੇ 9 ਸਾਲਾਂ 'ਚ ਰਾਜ ਦੇ 2.50 ਲੱਖ ਨੌਜਵਾਨਾਂ ਨੂੰ ਮੈਰਿਟ ਦੇ ਅਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾ ਕਿਹਾ ਕਿ ਬਾਦਲ ਸਰਕਾਰ ਬਣਨ 'ਤੇ ਰਾਜ ਦੇ ਨੌਜਵਾਨਾਂ ਨੂੰ ਅਗਲੇ ਪੰਜ ਸਾਲਾਂ ਦੌਰਾਨ 10 ਲੱਖ ਸਰਕਾਰੀ ਤੇ ਨਿੱਜੀ ਖੇਤਰ 'ਚ ਨੌਕਰੀਆਂ ਦਿੱਤੀਆਂ ਜਾਣਗੀਆਂ। ਸ੍ਰੀ ਬਾਦਲ ਨੇ ਕਿਹਾ ਕਿ ਇਸ ਮਹੀਨੇ ਰਾਜ ਭਰ 'ਚ 2500 ਮੁਫਤ ਦਵਾਈਆਂ ਦੀ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ, ਜਿੱਥੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਮਿਲਿਆ ਕਰਨਗੀਆਂ। ਸਸਤਾ ਆਟਾ-ਦਾਲ ਯੋਜਨਾ ਤੇ ਸਿਹਤ ਬੀਮਾਂ ਯੋਜਨਾ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ 160 ਸ਼ਹਿਰਾਂ ਤੇ ਕਸਬਿਆਂ 'ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਹਨ ਅਤੇ ਹੁਣ ਅਗਲੇ 5 ਸਾਲਾਂ ਦੌਰਾਨ ਰਾਜ ਦੇ ਹਰ ਪਿੰਡ 'ਚ ਸੀਵਰੇਜ, ਸੋਲਰ ਲਾਈਟਾਂ ਅਤੇ ਸੀਮੈਂਟਿਡ ਗਲੀਆਂ ਬਣਾਈਆਂ ਜਾਣਗੀਆਂ। ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਰਾਜ ਸਰਕਾਰ ਨੇ ਜਿਥੇ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਹੈ, ਉਥੇ ਪੰਜਾਬ ਦੀ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਲਈ ਵਿਸ਼ੇਸ਼ ਯਤਨ ਕੀਤੇ ਹਨ। ਉਨ੍ਹਾ ਕਿਹਾ ਕਿ ਵੱਖ-ਵੱਖ ਯਾਦਗਾਰਾਂ ਦਾ ਨਿਰਮਾਣ ਅਤੇ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੀ ਨੁਹਾਰ ਬਦਲਣ ਦਾ ਮਾਣ ਸਿਰਫ ਬਾਦਲ ਸਰਕਾਰ ਹਿੱਸੇ ਆਇਆ ਹੈ। ਵਡਾਲਾ ਗ੍ਰੰਥੀਆਂ ਤੋਂ ਬਾਅਦ ਉੱਪ ਮੁੱਖ ਮੰਤਰੀ ਸ੍ਰੀ ਬਾਦਲ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਸ਼ਿਕਾਰ ਮਾਛੀਆਂ ਵਿਖੇ ਵੀ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ ਅਤੇ ਇਥੇ ਵਿਸ਼ਾਲ ਜਨਤਕ ਇਕੱਠ ਨੂੰ ਵੀ ਸੰਬੋਧਨ ਕੀਤਾ।
ਇਸ ਮੌਕੇ ਉਨ੍ਹਾ ਨਾਲ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ, ਵਿਧਾਇਕ ਦੇਸਰਾਜ ਸਿੰਘ ਧੁੱਗਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਭਾਸ਼ ਓਹਰੀ, ਚੇਅਰਮੈਨ ਰਵੀਕਰਨ ਸਿੰਘ ਕਾਹਲੋਂ, ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ, ਡੀ ਆਈ ਜੀ ਬਾਰਡਰ ਰੇਂਜ ਏ ਕੇ ਮਿੱਤਲ, ਐੱਸ ਐੱਸ ਪੀ ਬਟਾਲਾ ਦਿਲਜਿੰਦਰ ਸਿੰਘ ਢਿਲੋਂ, ਕੰਵਰ ਸੰਦੀਪ ਸਿੰਘ ਲੋਧੀਨੰਗਲ, ਚੇਅਰਮੈਨ ਮੁਨੱਵਰ ਮਸੀਹ, ਮਨਮੋਹਨ ਸਿੰਘ ਪੱਖੋਕੇ, ਐੱਸ ਡੀ ਐੱਮ ਬਟਾਲਾ ਪ੍ਰਿਥੀ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ, ਜ਼ਿਲ੍ਹਾ ਸੀਨੀਅਰ ਮੀਤ ਯੂਥ ਪ੍ਰਧਾਨ ਸ਼ਮਸ਼ੇਰ ਸਿੰਘ ਬਟਾਲਾ, ਹਰਜੀਤ ਸਿੰਘ ਬਿਜਲੀਵਾਲ, ਹਰਭਜਨ ਸਿੰਘ ਤੂਰ, ਕੰਵਲਜੀਤ ਸਿੰਘ ਪੁਆਰ, ਲਖਵਿੰਦਰ ਸਿੰਘ ਘੁੰਮਣ, ਬਲਬੀਰ ਸਿੰਘ ਬਿੱਟੂ, ਜਗਰੂਪ ਸਿੰਘ ਸੇਖਵਾਂ, ਗੁਰਿੰਦਰਪਾਲ ਸਿੰਘ ਗੋਰਾ, ਜਰਨੈਲ ਸਿੰਘ ਮਾਹਲ, ਸਰਪੰਚ ਮੁਖਤਾਰ ਸਿੰਘ ਬੁੱਢਾ ਕੋਟ ਤੇ ਤ੍ਰਿਵੈਣੀ ਚੌਹਾਨ ਵੀ ਹਾਜ਼ਰ ਸਨ।