ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਦੇ ਪਿਤਾ ਜੈਸ਼ੰਕਰ ਸਿੰਘ ਦਾ ਦਿਹਾਂਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਦੇ ਪਿਤਾ ਜੈਸ਼ੰਕਰ ਸਿੰਘ ਦਾ ਅੱਜ ਉਨ੍ਹਾ ਦੇ ਜੱਦੀ ਪਿੰਡ ਬਿਹਟ ਵਿਖੇ ਦਿਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੈਸ਼ੰਕਰ ਨੂੰ ਪਿਛਲੇ ਮਹੀਨੇ ਬੇਗੂਸਰਾਏ ਜ਼ਿਲ੍ਹੇ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਕੁਮਾਰ ਦੇ ਮਾਪਿਆਂ ਨੇ ਫ਼ਰਵਰੀ ਮਹੀਨੇ ਉਨ੍ਹਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿਖੇਧੀ ਕੀਤੀ ਸੀ, ਜਿਨ੍ਹਾ ਨੂੰ ਸੰਸਦ 'ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਫ਼ਾਂਸੀ ਵਿਰੁੱਧ ਜੇ ਐੱਨ ਯੂ 'ਚ ਇੱਕ ਰੈਲੀ ਕਰਨ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾ 'ਤੇ ਦੇਸ਼ ਧਰੋਹ ਦਾ ਦੋਸ਼ ਲਾਇਆ ਗਿਆ ਸੀ।
ਮਾਰਚ ਮਹੀਨੇ ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਕਨ੍ਹੱਈਆ ਕੁਮਾਰ ਵੱਲੋਂ ਭਾਰਤੀ ਜਨਤਾ ਪਾਰਟੀ 'ਤੇ ਲਗਾਤਾਰ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਇਸ ਹਫ਼ਤੇ ਦੇ ਸ਼ੁਰੂ 'ਚ ਉਨ੍ਹਾ ਕਿਹਾ ਸੀ ਕਿ ਉਹ ਸੱਤਾਧਾਰੀ ਭਾਜਪਾ ਨੂੰ ਚੁਣੌਤੀ ਦੇਣ ਲਈ ਵਿਰੋਧੀ ਪਾਰਟੀਆਂ ਦੇ ਗੱਠਜੋੜ ਲਈ ਕੰਮ ਕਰ ਰਹੇ ਹਨ।