ਐਮਰਜੈਂਸੀ ਵੱਲ ਵਧ ਰਿਹੈ ਦੇਸ਼ : ਲਾਲੂ ਯਾਦਵ


ਲਖਨਊ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਐੱਨ ਡੀ ਟੀ ਵੀ 'ਤੇ ਲਾਈ ਗਈ ਪਬੰਦੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਪਬੰਦੀ ਲੋਕਤੰਤਰ 'ਤੇ ਭਾਰੀ ਹਮਲਾ ਹੈ।
ਅੱਜ ਲਖਨਊ 'ਚ ਸਪਾ ਦੇ ਸਿਲਵਰ ਜੁਬਲੀ ਸਮਾਗਮ 'ਚ ਬੋਲਦਿਆਂ ਉਨ੍ਹਾ ਕਿਹਾ ਕਿ ਜਦੋਂ ਐੱਨ ਡੀ ਟੀ ਵੀ ਬੇਬਾਕ ਰੂਪ ਕੁਝ ਲੋਕਾਂ ਦਾ ਪਰਦਾਫਾਸ਼ ਕਰਦਾ ਹੈ ਤਾਂ ਉਸ ਦੇ ਖਿਲਾਫ ਅਜਿਹਾ ਐਲਾਨ ਕਰ ਦਿੱਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਦੇਸ਼ ਤਾਨਾਸ਼ਾਹੀ ਅਤੇ ਐਮਰਜੈਂਸੀ ਵੱਲ ਵਧ ਰਿਹਾ ਹੈ।
ਮੋਦੀ 'ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾ ਕਿਹਾ ਕਿ ਉਸ 56 ਇੰਚ ਦੇ ਸੀਨੇ ਦਾ ਕੀ ਮਤਲਬ ਜੇ ਇੰਨੇ ਸਮੇਂ 'ਚ ਜੰਮੂ-ਕਸ਼ਮੀਰ ਦੇ ਹਾਲਾਤ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ।
ਇਸੇ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਇੱਕ ਟਵੀਟ ਰਾਹੀਂ ਐੱਨ ਡੀ ਟੀ ਵੀ ਇੰਡੀਆ 'ਤੇ ਇੱਕ ਦਿਨ ਦੀ ਪਾਬੰਦੀ ਲਾਏ ਜਾਣ ਦੀ ਨਿਖੇਧੀ ਕੀਤੀ। ਉਨ੍ਹਾ ਕਿਹਾ ਕਿ ਰੋਕ ਲਾਉਣਾ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਹੈ। ਇਸੇ ਦੌਰਾਨ ਐੱਨ ਡੀ ਟੀ ਵੀ ਨੇ ਸਰਕਾਰੀ ਦਾਅਵਿਆਂ ਨੂੰ ਗਲਤ ਦੱਸਦਿਆਂ ਕਿਹਾ ਕਿ ਉਸ ਦੇ ਹਿੰਦੀ ਚੈਨਲ ਨੇ ਅੱਤਵਾਦੀ ਹਮਲੇ ਦੌਰਾਨ ਸੰਵੇਦਨਸ਼ੀਲ ਸੂਚਨਾ ਜਨਤਕ ਕੀਤੀ। ਐÎੱਨ ਡੀ ਟੀ ਵੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬੇਹੱਦ ਹੈਰਾਨੀ ਦੀ ਗੱਲ ਹੈ ਕਿ ਐÎਨ ਡੀ ਟੀ ਵੀ ਨੂੰ ਇਸ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਵੱਖ ਕੀਤਾ ਗਿਆ, ਜਦ ਕਿ ਸਾਰੇ ਸਮਾਚਾਰ ਚੈਨਲਾਂ ਅਤੇ ਅਖਬਾਰਾਂ ਦੀ ਕਵਰੇਜ ਇੱਕੋ ਜਿਹੀ ਸੀ। ਉਨ੍ਹਾ ਕਿਹਾ ਕਿ ਐਮਰਜੈਂਸੀ ਮਗਰੋਂ ਐੱਨ ਡੀ ਟੀ ਵੀ ਵਿਰੁੱਧ ਅਜਿਹੀ ਕਾਰਵਾਈ ਆਪਣੇ-ਆਪ 'ਚ ਅਸਧਾਰਨ ਗੱਲ ਹੈ ਅਤੇ ਐੱਨ ਡੀ ਟੀ ਵੀ ਦੇ ਮਾਮਲੇ 'ਚ ਸਾਰੇ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ।