ਪ੍ਰੋ. ਬਡੂੰਗਰ ਬਣੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਅਜਲਾਸ ਦੌਰਾਨ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਮਾਮੂਲੀ ਰੌਲੇ-ਰੱਪੇ ਤੋ ਬਾਅਦ ਸ਼ਾਂਤੀ ਨਾਲ ਸੰਪੰਨ ਹੋ ਗਈ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਦੁਆਰਾ ਭੇਜੇ ਗਏ ਬੰਦ ਲਿਫਾਫੇ ਵਿੱਚੋਂ ਨਿਕਲੇ ਪ੍ਰਸਿੱਧ ਵਿਦਵਾਨ ਕਿਰਪਾਲ ਸਿੰਘ ਬਡੂੰਗਰ ਦੇ ਨਾਂਅ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਪ੍ਰਵਾਨ ਕਰ ਲਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਸਮੇਤ ਸਾਰੀ ਅੰਤ੍ਰਿਗ ਕਮੇਟੀ ਵਿੱਚ ਨਵੇਂ ਮੈਂਬਰ ਸ਼ਾਮਲ ਕੀਤੇ ਜਾਣ ਨਾਲ ਸਿਆਸੀ ਪੰਡਤਾਂ ਦੀਆਂ ਕਈ ਗਿਣਤੀਆਂ-ਮਿਣਤੀਆਂ ਮਨਫੀ ਹੋ ਗਈਆਂ। ਅਜਲਾਸ ਵਿੱਚ ਮੌਜੂਦਾ 180 ਮੈਂਬਰਾਂ ਵਿੱਚੋਂ ਸਿਰਫ 156 ਮੈਂਬਰ ਹੀ ਹਾਜ਼ਰ ਹੋਏ, ਜਦਕਿ ਸ਼੍ਰੋਮਣੀ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਵੀ ਗੈਰ ਹਾਜ਼ਰ ਰਹੀ।
ਕਰੀਬ ਪੰਜ ਸਾਲਾ ਬਾਅਦ ਕਾਨੂੰਨੀ ਅੜਚਣਾਂ ਸਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਅਜਲਾਸ ਬੁਲਾਇਆ ਗਿਆ ਤੇ ਇਸ ਹਾਊਸ ਵਿੱਚ ਸ਼ਾਮਲ ਹੋਣ ਲਈ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਦੀ ਉਪਰਲੀ ਮੰਜ਼ਿਲ 'ਤੇ ਅੱਜ ਹਾਊਸ ਦੀ ਪ੍ਰਕਿਰਿਆ ਮਰਿਆਦਾ ਅਨੁਸਾਰ ਪਹਿਲਾਂ ਹੀ ਦਿੱਤੇ ਗਏ ਸਮੇਂ ਸਵਾ ਬਾਰ੍ਹਾਂ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਰੰਭ ਹੋਈ ਅਤੇ ਆਰੰਭ ਦੀ ਅਰਦਾਸ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਰਾਜਦੀਪ ਸਿੰਘ ਨੇ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ। ਸਟੇਜ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੀ ਮੌਜੂਦ ਸਨ। ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦਾ ਕੋਈ ਨੁਮਾਇੰਦਾ ਇਸ ਅਜਲਾਸ ਵਿੱਚ ਸ਼ਾਮਲ ਨਾ ਹੋਇਆ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਇਜਲਾਸ ਦੀ ਕਾਰਵਾਈ ਸ਼ੁਰੂ ਕਰਦਿਆਂ ਇਜਲਾਸ ਦੇ ਮਕਸਦ ਲਈ ਦੱਸਿਆ ਅਤੇ ਅਗਲੇਰੀ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ ਸਟੇਜ ਸੌਂਪ ਦਿੱਤੀ। ਤਰਨ ਤਾਰਨ ਤੋਂ ਵਿਸ਼ੇਸ਼ ਤੌਰ 'ਤੇ ਆਏ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਸਟੇਜ ਸੰਭਾਲੀ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਭਾਈ ਹਰਦੀਪ ਸਿੰਘ ਮੋਹਾਲੀ, ਭਾਈ ਹਰਪਾਲ ਸਿੰਘ ਅੰਬਾਲਾ ਤੇ ਭਾਈ ਸੁਰਜੀਤ ਸਿੰਘ ਕਾਲਾਬੂਲਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਦਾੜ੍ਹੀ ਕੱਟੀ ਹੋਣ ਵਾਲਾ ਮੀਟਿੰਗ ਦੀ ਕਾਰਵਾਈ ਨਹੀਂ ਚਲਾ ਸਕਦਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਬਾਰੇ ਚਰਚਾ ਹੋਣੀ ਚਾਹੀਦੀ ਹੈ ਤੇ ਫਿਰ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ, ਪਰ ਇਸ ਰੌਲੇ-ਰੱਪੇ ਵਿੱਚ ਹੀ ਡੀ.ਸੀ ਨੇ ਇਜਲਾਸ ਦੀ ਕਾਰਵਾਈ ਜਾਰੀ ਰੱਖਦਿਆਂ ਪ੍ਰਧਾਨਗੀ ਦਾ ਨਾਂਅ ਪੇਸ਼ ਕਰਨ ਲਈ ਕਿਹਾ ਤਾਂ ਮੋਗਾ ਤੋਂ ਮੈਂਬਰ ਤੇ ਸਾਬਕਾ ਮੰਤਰੀ ਤੋਤਾ ਸਿੰਘ ਨੇ ਕਿਰਪਾਲ ਸਿੰਘ ਬਡੂੰਗਰ ਦਾ ਨਾਂਅ ਪੇਸ਼ ਕਰ ਦਿੱਤਾ, ਜਦਕਿ ਤਾਈਦ ਤੇ ਮਜੀਦ ਭੁਲੱਥ ਤਂੋ ਮੈਂਬਰ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਕੀਤੀ। ਹਾਲ ਵਿੱਚ ਜੈਕਾਰੇ ਲੱਗਣੇ ਸ਼ੁਰੂ ਹੋ ਗਏ ਤਾਂ ਵਿਰੋਧੀ ਧਿਰ ਦੇ ਮੈਂਬਰ ਹਰਦੀਪ ਸਿੰਘ ਮੋਹਾਲੀ ਨੇ ਸਟੇਜ 'ਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧਿਤ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਦਾ ਨਾਂਅ ਪ੍ਰਧਾਨਗੀ ਪਦ ਲਈ ਪੇਸ਼ ਕਰ ਦਿੱਤਾ, ਜਿਸ ਦੀ ਤਾਈਦ ਹਰਪਾਲ ਸਿੰਘ ਅੰਬਾਲਾ ਨੇ ਕੀਤੀ। ਤੁਰੰਤ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੇ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੂੰ ਬੁਲਾਇਆ ਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਾਲਾਬੂਲਾ ਨੇ ਆਪਣਾ ਨਾਮ ਵਾਪਸ ਲੈ ਲਿਆ ਤੇ ਉਹਨਾਂ ਨੂੰ ਬਾਅਦ ਵਿੱਚ ਸਮਝੌਤੇ ਮੁਤਾਬਕ ਅੰਤ੍ਰਿਗ ਕਮੇਟੀ ਵਿੱਚ ਸ਼ਾਮਲ ਕਰ ਲਿਆ ਗਿਆ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਸਮੇਂ ਇੱਕ ਸਟੂਲ 'ਤੇ ਸ਼ਾਂਤ ਚਿੱਤ ਬੈਠੇ ਰਹੇ ਤੇ ਉਹਨਾਂ ਕਿਸੇ ਵੀ ਪ੍ਰੀਕਿਰਿਆ ਵਿੱਚ ਕੋਈ ਦਖਲ-ਅੰਦਾਜ਼ੀ ਨਾ ਕੀਤੀ।
ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਪ੍ਰਧਾਨਗੀ ਦੀ ਚੋਣ ਕਰਵਾ ਕੇ ਚੱਲਦੇ ਬਣੇ ਤੇ ਬਾਕੀ ਦੀ ਕਾਰਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਤੇ ਕਿਰਪਾਲ ਸਿੰਘ ਬਡੂੰਗਰ ਦੀ ਆਗਵਾਈ ਹੇਠ ਸੰਪੰਨ ਹੋਈ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਹਰਿਆਣਾ ਤਂੋ ਮੈਂਬਰ ਬਲਦੇਵ ਸਿੰਘ ਕਿਆਮਪੁਰ, ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਦੇ ਅਹੁਦੇ ਲਈ ਅਮਰਜੀਤ ਸਿੰਘ ਚਾਵਲਾ ਦੇ ਨਾਂਅ ਨੂੰ ਵੀ ਪ੍ਰਵਾਨਗੀ ਮਿਲ ਗਈ।
ਇਸੇ ਤਰ੍ਹਾਂ ਅੰਤ੍ਰਿਗ ਕਮੇਟੀ ਦੇ 11 ਮੈਂਬਰਾਂ ਦੀ ਚੋਣ ਵੀ ਸਰਬ-ਸੰਮਤੀ ਨਾਲ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸੁਖਬੀਰ ਸਿੰਘ ਬਾਦਲ ਦੁਆਰਾ ਭੇਜੀ ਗਈ 11 ਮੈਂਬਰੀ ਲਿਸਟ ਵਿੱਚੋਂ 10 ਮੈਬਰਾਂ ਦੇ ਨਾਂਅ ਪੇਸ਼ ਕੀਤੇ ਤੇ ਇੱਕ ਮਂੈਬਰ ਦਾ ਨਾਮ ਕੱਟ ਕੇ 11ਵਾਂ ਨਾਮ ਸੁਰਜੀਤ ਸਿੰਘ ਕਾਲਾਬੂਲਾ ਦਾ ਪੇਸ਼ ਕਰ ਦਿੱਤਾ ਗਿਆ, ਜਿਸ ਨੂੰ ਸਰਬ-ਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਇਹਨਾਂ ਮੈਂਬਰਾਂ ਵਿੱਚ ਜੈਪਾਲ ਸਿੰਘ ਸੰਗਰੂਰ, ਨਿਰਮਲ ਸਿੰਘ ਹਰਿਉਂ, ਕੁਲਵੰਤ ਸਿੰਘ ਮੰਨਣ, ਸੱਤਪਾਲ ਸਿੰਘ ਤਲਵੰਡੀ ਫਿਰੋਜ਼ਪੁਰ, ਬਲਿਵੰਦਰ ਸਿੰਘ ਵੇਈਂ ਪੁਈ, ਗੁਰਮੇਜ ਸਿੰਘ ਸੰਗਤਪੁਰਾ, ਜੋਗਿੰਦਰ ਕੌਰ ਬਠਿੰਡਾ, ਭਾਈ ਰਾਮ ਸਿੰਘ, ਗੁਰਚਰਨ ਸਿੰਘ ਗਰੇਵਾਲ ਲੁਧਿਆਣਾ, ਸੁਰਜੀਤ ਸਿੰਘ ਭਿੱਟੇਵਿੰਡ, ਸੁਰਜੀਤ ਸਿੰਘ ਕਾਲਾਬੂਲਾ ਸ਼ਾਮਲ ਹਨ। ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਤੇ ਰਿਸਰਚ ਬੋਰਡ ਦੇ ਮੈਂਬਰਾਂ ਦੀ ਵੀ ਚੋਣ ਕੀਤੀ ਗਈ।
ਇਸ ਤੋ ਬਾਅਦ ਪ੍ਰਧਾਨ ਬਡੂੰਗਰ ਨੇ ਪੰਜ ਸੋਗ ਮਤੇ ਪੜ੍ਹੇ ਅਤੇ ਵੱਖ-ਵੱਖ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕਿਆਂ ਦੀ ਹੋਈ ਬੇਅਦਬੀ ਦੀ ਨਿਖੇਧੀ ਕੀਤੀ। ਗੁਰੂ ਘਰਾਂ ਦੇ ਪ੍ਰਬੰਧਕਾਂ, ਸੇਵਾ ਸੁਸਾਇਟੀਆਂ, ਸਿੰਘ ਸਭਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਉਚੇਚੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਅਜਿਹੀਆਂ ਦੁੱਖਦਾਈ ਘਟਨਾਵਾਂ ਨਾ ਵਾਪਰਣ।Êਪੰਜਾਬ ਤੇ ਕੇਂਦਰ ਸਰਕਾਰ ਤਂੋ ਮੰਗ ਕੀਤੀ ਗਈ ਕਿ ਕੋਝੀਆਂ ਹਰਕਤਾਂ ਕਰਨ ਵਾਲੇ ਅਨਸਰਾਂ ਖਿਲਾਫ ਧਾਰਾ 295-ਏ ਪਰਚਾ ਦਰਜ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਧਰਮ ਪ੍ਰਚਾਰ ਦੇ ਕਾਰਜ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਬਾਰੇ ਉਹਨਾਂ ਕਿਹਾ ਕਿ ਇਹ ਮਾਮਲਾ ਕਾਫੀ ਸੰਗੀਨ ਹੈ ਤੇ ਕਾਰਜਕਰਨੀ ਕਮੇਟੀ ਵਿੱਚ ਵਿਚਾਰਿਆ ਜਾਵੇਗਾ। ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੇ 2002-03 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨਾਲ ਗੱਲਬਾਤ ਕਰਕੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੇ ਯਤਨ ਕੀਤੇ ਸਨ, ਪਰ ਉਸ ਸਮੇਂ ਤਾਂ ਸਫਲਤਾ ਨਹੀਂ ਮਿਲੀ ਸੀ, ਪਰ ਹੁਣ ਫਿਰ ਉਹ ਨਵੇਂ ਸਿਰੇ ਤਂੋ ਪ੍ਰੀਕਿਰਿਆ ਸ਼ੁਰੂ ਕਰਨਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਉਹਨਾਂ ਨੂੰ ਬੜਾ ਅਫਸੋਸ ਹੋਇਆ ਹੈ ਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਕੁਝ ਮਂੈਬਰਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰਕੇ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਦਿੱਤੇ ਹਨ।
ਚਾਹੀਦਾ ਤਾਂ ਇਹ ਸੀ ਕਿ ਉਹ ਮੈਂਬਰ ਸੁਖਬੀਰ ਸਿੰਘ ਬਾਦਲ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਗ੍ਰਹਿ ਵਿਭਾਗ ਵੀ ਉਹਨਾਂ ਦੇ ਕੋਲ ਹੈ, ਕੋਲੋਂ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕਰਦੇ।
ਉਹਨਾਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੀ ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਵੀ ਬਣਾਈ ਗਈ ਸੀ, ਪਰ ਅੱਜ ਤੱਕ ਉਸ ਦੀ ਰਿਪੋਰਟ ਸਾਹਮਣੇ ਨਹੀਂ ਆਈ।
ਇਸੇ ਤਰ੍ਹਾਂ ਇੱਕ ਮੈਂਬਰੀ ਜਾਂਚ ਕਮਿਸ਼ਨ ਵੀ ਬਣਾਇਆ ਗਿਆ, ਪਰ ਉਹ ਵੀ ਰਿਪੋਰਟ ਅੱਜ ਤੱਕ ਸਰਕਾਰ ਨੇ ਜਨਤਕ ਨਹੀਂ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਕੋਈ ਵੀ ਦੋਸ਼ੀ ਫੜਿਆ ਨਹੀਂ ਹੈ ਤੇ ਜਿਹੜੇ ਕਿਸੇ ਜਗ੍ਹਾ ਫੜੇ ਵੀ ਗਏ ਹਨ, ਉਹਨਾਂ ਖਿਲਾਫ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਹਾਊਸ ਵਿੱਚ ਭਾਵੇਂ ਮੈਂਬਰਾਂ ਨੂੰ ਜਾਣ ਦੀ ਇਜਾਜ਼ਤ ਸੀ, ਫਿਰ ਵੀ ਕੁਝ ਸਿਆਸੀ ਆਗੂ ਵੀ ਪੁੱਜੇ ਹੋਏ ਸਨ। ਡਾ. ਦਲਜੀਤ ਸਿੰਘ ਚੀਮਾ ਨਾਲ ਦੇ ਇੱਕ ਦਫਤਰ ਵਿੱਚ ਪੂਰੀ ਨਿਗਾਰਨੀ ਕਰ ਰਹੇ ਸਨ ਤੇ ਹਰ ਪਲ ਦੀ ਰਿਪੋਰਟ ਉਪਰ ਭੇਜੀ ਜਾ ਰਹੀ ਸੀ।
ਇਹ ਪਹਿਲੀ ਵਾਰੀ ਹੋਇਆ ਹੈ ਕਿ ਇਜਲਾਸ ਸਮੇਂ ਥੱਲੇ ਤਂੋ ਉਪਰ ਹਾਲ ਵਿੱਚ ਸੀ.ਸੀ.ਟੀ ਵੀ ਕੈਮਰੇ ਲਗਾਏ ਗਏ ਸਨ, ਜਿਹਨਾਂ ਰਾਹੀਂ ਇਜਲਾਸ ਦੀ ਸਾਰੀ ਕਾਰਵਾਈ ਚੰਡੀਗੜ੍ਹ ਸਥਿਤ ਸਕੱਤਰੇਤ ਵਿਖੇ ਲਾਈਵ ਚੱਲ ਰਹੀ ਸੀ ਤੇ ਸੁਖਬੀਰ ਸਿੰਘ ਬਾਦਲ ਪੂਰੀ ਨਿਗ੍ਹਾ ਰੱਖ ਰਹੇ ਸਨ। ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਹਾਲਤ ਕਾਫੀ ਤਰਸਯੋਗ ਸੀ ਤੇ ਉਹ ਆਏ ਤਾਂ ਹੂਟਰ ਮਾਰਦੀਆਂ ਗੱਡੀਆਂ 'ਤੇ ਸਨ, ਪਰ ਵਾਪਸ ਸ਼੍ਰੋਮਣੀ ਕਮੇਟੀ ਦੀ ਕੈਮਰੀ ਰਾਹੀਂ ਨਹੀਂ, ਸਗੋਂ ਇੱਕ ਸਕਾਰਪਿਓ ਗੱਡੀ ਰਾਹੀਂ ਆਪਣੇ ਦੋ ਸਾਥੀਆਂ ਨਾਲ ਗਏ। ਪੁਲਸ ਦੇ ਗੰਨਮੈਨ ਸਿਰਫ ਉਹਨਾਂ ਨੂੰ ਦਫਤਰ ਤੋਂ ਬਾਹਰ ਛੱਡਣ ਤੋਂ ਬਾਅਦ ਵਾਪਸ ਨਵੇਂ ਪ੍ਰਧਾਨ ਦੀ ਐਸਕਾਰਟ ਗੱਡੀ 'ਤੇ ਚੜ੍ਹ ਗਏ।