Latest News

ਸ਼ਹੀਦ ਗੁਰਸੇਵਕ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ

Published on 07 Nov, 2016 11:46 AM.


ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ)
ਕੰਟਰੋਲ ਰੇਖਾ 'ਤੇ ਪੁਣਛ 'ਚ ਸ਼ਹੀਦ ਹੋਏ ਗੁਰਸੇਵਕ ਸਿੰਘ ਦਾ ਅੰਤਮ ਸੰਸਕਾਰ ਸੋਮਵਾਰ ਨੂੰ ਉਨ੍ਹਾ ਦੇ ਤਰਨ ਤਾਰਨ ਸਥਿਤ ਜੱਦੀ ਪਿੰਡ ਵਰਾਨਾ ਲਾਲਪੁਰ 'ਚ ਕਰ ਦਿੱਤਾ ਗਿਆ ਹੈ। ਅਗਲੇ ਸਾਲ ਫਰਵਰੀ 'ਚ ਗੁਰਸੇਵਕ ਸਿੰਘ ਦਾ ਵਿਆਹ ਹੋਣਾ ਸੀ ਅਤੇ ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੰਜਾਬ ਸਰਕਾਰ ਨੇ ਸ਼ਹੀਦ ਦੇ ਪਰਵਾਰ ਨੂੰ 5 ਲੱਖ ਰੁਪਏ ਅਤੇ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਜਿਉਂ ਹੀ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ ਤਾਂ ਸਾਰਾ ਅਸਮਾਨ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੂੰਜ ਉਠਿਆ। ਸਾਰੇ ਦੇ ਚਿਹਰਿਆਂ 'ਤੇ ਗੁਰਸੇਵਕ ਦੀ ਸ਼ਹਾਦਤ ਨੂੰ ਲੈ ਕੇ ਮਾਣ ਦਿਸ ਰਿਹਾ ਸੀ। ਹਰ ਇੱਕ ਅੱਖ ਨਮ ਸੀ ਅਤੇ ਪਾਕਿਸਤਾਨ ਵਿਰੁੱਧ ਗੁੱਸਾ ਨਜ਼ਰ ਆ ਰਿਹਾ ਸੀ। ਪਿੰਡ ਦੇ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਹੁਣ ਗੱਲਬਾਤ ਨਹੀਂ ਕਰਨੀ ਚਾਹੀਦੀ ਹੈ ਜਾਂ ਫੇਰ ਪਾਕਿਸਤਾਨ ਨਾਲ ਆਰ-ਪਾਰ ਦੀ ਗੱਲ ਹੋਣੀ ਚਾਹੀਦੀ ਹੈ। ਸ਼ਹੀਦ ਦੇ ਪਿਤਾ ਬਲਵਿੰਦਰ ਸਿੰਘ ਨੇ ਬੇਟੇ ਵੀ ਮ੍ਰਿਤਕ ਦੇਹ ਨੂੰ ਅਗਨੀ ਦਿਖਾਈ। ਮਾਂ ਬਲਜੀਤ ਕੌਰ ਅਤੇ ਉਨ੍ਹਾ ਦੀ ਮੰਗੇਤਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਉਹ ਵਿਰਲਾਪ ਕਰਦੀਆਂ ਹੋਈਆਂ ਕਈ ਵਾਰੀ ਬੇਹੋਸ਼ ਹੋ ਗਈਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਲਿਆਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਪਿੰਡ ਦੀ ਸ਼ਾਨ ਸੀ ਅਤੇ ਸਾਰੇ ਪਿੰਡ ਨੂੰ ਉਸ 'ਤੇ ਮਾਣ ਸੀ, ਉਹ ਸਾਰੇ ਪਿੰਡ ਦੇ ਲੋਕਾਂ ਦੀ ਬਹੁਤ ਇੱਜ਼ਤ ਕਰਦਾ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ 12 ਫਰਵਰੀ ਨੂੰ ਗੁਰਸੇਵਕ ਦਾ ਵਿਆਹ ਹੋਣਾ ਸੀ। ਕੁਝ ਦਿਨ ਪਹਿਲਾਂ ਸ਼ਹੀਦ ਗੁਰਸੇਵਕ ਸਿੰਘ ਨੇ ਆਪਣੇ ਕਜਨ ਭਰਾ ਨਾਲ ਫੋਨ 'ਤੇ ਗੱਲ ਕਰਦਿਆਂ ਕਿਹਾ ਸੀ ਕਿ ਉਸ ਨੇ ਸਾਰੇ ਪਿੰਡ ਨੂੰ ਆਪਣੇ ਵਿਆਹ 'ਤੇ ਬੁਲਾ ਕੇ ਇੱਕ ਸਪਰਾਈਜ਼ ਦੇਣਾ ਸੀ। ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਦੇ ਬਹੁਤ ਸੁਪਨੇ ਸੀ, ਜੋ ਪ੍ਰਮਾਤਮਾ ਨੇ ਖੋਹ ਲਏ ਹਨ। ਵਰਾਣਾ ਪਿੰਡ ਵਿੱਚ ਸ਼ਹੀਦ ਗੁਰਸੇਵਕ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾ ਦੇ ਪਰਵਾਰ ਵਾਲਿਆਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਪੁੱਤਰ ਗੁਰਸੇਵਕ ਸਿੰਘ 'ਤੇ ਬਹੁਤ ਮਾਣ ਹੈ, ਜੋ ਦੇਸ਼ ਵਾਸਤੇ ਸ਼ਹੀਦ ਹੋਇਆ ਅਤੇ ਦੁੱਖ ਵੀ ਬਹੁਤ ਹੈ, ਜੋ ਸਾਡੇ ਵਿੱਚ ਨਹੀਂ ਰਿਹਾ।

417 Views

e-Paper