67 ਹਜ਼ਾਰ ਕਰੋੜ ਦਾ ਰੱਖਿਆ ਸਾਜ਼ੋ-ਸਾਮਾਨ ਖਰੀਦੇਗਾ ਭਾਰਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਰਕਾਰ ਦੇਸ਼ 'ਚ ਬਣੇ (ਮੇਡ ਇਨ ਇੰਡੀਆ) ਫ਼ੌਜੀ ਸਾਜ਼ੋ-ਸਾਮਾਨ ਦੀ ਖਰੀਦ 'ਤੇ 67000 ਕਰੋੜ ਰੁਪਏ ਖ਼ਰਚ ਕਰੇਗੀ। ਰੱਖਿਆ ਮੰਤਰੀ ਮਨੋਹਰ ਪਰਿਕਰ ਦੀ ਅਗਵਾਈ ਵਾਲੀ ਰੱਖਿਆ ਖ਼ਰੀਦ ਕੌਂਸਲ ਨੇ ਸੋਮਵਾਰ ਨੂੰ 83 ਤੇਜਸ ਹਲਕੇ ਲੜਾਕੂ ਜਹਾਜ਼ਾਂ, 15 ਹਲਕੇ ਜੰਗੀ ਹੈਲੀਕਾਪਟਰਾਂ ਅਤੇ 464 ਟੀ 90 ਟੈਂਕਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਤੇਜਸ ਬਣਾਉਣ ਵਾਲੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ ਏ ਐੱਲ) ਕੋਲ ਪਹਿਲਾਂ ਹੀ 40 ਜਹਾਜ਼ਾਂ ਦੇ ਆਰਡਰ ਹਨ, ਜਿਹੜੇ ਇਸ ਸਾਲ ਹਵਾਈ ਫ਼ੌਜ ਨੂੰ ਮਿਲਣੇ ਸ਼ੁਰੂ ਹੋ ਚੁੱਕੇ ਸਨ। ਤੇਜਸ ਜਹਾਜ਼ਾਂ ਦੇ ਨਵੇਂ ਆਰਡਰ 'ਤੇ ਸਰਕਾਰ ਦੇ 50025 ਕਰੋੜ ਰੁਪਏ ਖ਼ਰਚ ਹੋਣਗੇ। ਫ਼ੌਜ ਅਤੇ ਹਵਾਈ ਫ਼ੌਜ ਦੋਵਾਂ ਲਈ ਖ਼ਰੀਦੇ ਜਾਣ ਵਾਲੇ ਹੈਲੀਕਾਪਟਰਾਂ 'ਤੇ 2911 ਕਰੋੜ ਰੁਪਏ ਖ਼ਰਚ ਹੋਣਗੇ, ਜਦਕਿ ਟੀ-90 ਟੈਂਕਾਂ ਦੀ ਖ਼ਰੀਦ ਆਰਡੀਨੈਂਸ ਫੈਕਟਰੀ ਤੋਂ ਕੀਤੀ ਜਾਵੇਗੀ ਅਤੇ ਇਹਨਾਂ 'ਤੇ 13448 ਕਰੋੜ ਰੁਪਏ ਖ਼ਰਚ ਹੋਣਗੇ। ਰੱਖਿਆ ਖ਼ਰੀਦ ਕੌਂਸਲ ਨੇ ਭਾਰਤੀ ਫ਼ੌਜ ਲਈ 598 ਛੋਟੇ ਡਰੋਨ ਦੀ ਖ਼ਰੀਦ 'ਤੇ ਵੀ ਸਹੀ ਪਾ ਦਿੱਤੀ ਹੈ।
ਹਵਾਈ ਫ਼ੌਜ ਨੇ 2015 'ਚ ਤੇਜਸ ਜਹਾਜ਼ਾਂ ਨੂੰ ਆਪਣੇ ਬੇੜੇ 'ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਸੀ, ਤਾਂ ਜੋ ਹਵਾਈ ਫ਼ੌਜ 'ਚ ਲਗਾਤਾਰ ਘਟਦੇ ਜਾ ਰਹੇ ਜਹਾਜ਼ਾਂ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕੇ।
ਸੂਤਰਾਂ ਅਨੁਸਾਰ ਜਹਾਜ਼ਾਂ ਦੀ ਘਾਟ ਪੂਰੀ ਕਰਨ ਲਈ ਹਵਾਈ ਫ਼ੌਜ ਨੇ 80 ਤੇਜਸ ਜਹਾਜ਼ਾਂ ਦਾ ਆਰਡਰ ਦੇ ਦਿੱਤਾ ਹੈ। ਭਾਰਤ ਇਹਨਾਂ ਜਹਾਜ਼ਾਂ 'ਚ ਇਜ਼ਰਾਈਲੀ ਰਡਾਰ ਦੀ ਵਰਤੋਂ ਕਰਨਾ ਚਾਹੁੰਦਾ ਹੈ। ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਲੇ 20 ਜਹਾਜ਼ਾਂ ਨੂੰ ਬੇਹਤਰ ਰੇਂਜ ਅਤੇ ਵਿਜੂਅਲ ਰੇਂਜ ਤੋਂ ਅੱਗੇ ਜਾ ਕੇ ਮਿਜ਼ਾਈਲ ਦਾਗਣ ਦੀ ਸਮਰੱਥਾ ਨਾਲ ਲੈਸ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਅਤੇ ਐੱਚ ਏ ਐੱਲ ਤੇਜਸ ਜਹਾਜ਼ਾਂ ਦਾ ਉਤਪਾਦਨ ਵਧਾਉਣ ਦੀ ਪ੍ਰਕ੍ਰਿਆ 'ਚ ਹਨ।