ਕਾਂਗਰਸ ਦੇ ਆਗੂਆਂ ਦਾ ਅਸਤੀਫਾ ਸਿਆਸੀ ਸਟੰਟ : ਬਾਦਲ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ।
ਛਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦੇ 90ਵੇਂ ਜਨਮ ਦਿਨ ਮੌਕੇ ਅੱਜ ਇੱਥੇ ਹੋਏ ਇਕ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਸ ਸੰਬੰਧ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ, ਪਰ ਪੱਤਰਕਾਰਾਂ ਵੱਲੋਂ ਜ਼ੋਰ ਦਿੱਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਸੂਬਾ ਵਿਧਾਨ ਸਭਾ ਦੇ ਸਿਰਫ ਦੋ ਮਹੀਨੇ ਹੀ ਬਾਕੀ ਰਹਿ ਗਏ ਹਨ ਅਤੇ ਕਾਂਗਰਸ ਅਜਿਹੇ ਢਕਵੰਜ ਕਰਨ ਦੀ ਕਾਹਲ ਵਿੱਚ ਹੈ। ਉਨ੍ਹਾਂ ਨੇ ਕਾਂਗਰਸੀ ਆਗੂਆਂ ਨੂੰ ਚੁਣੌਤੀ ਦਿੰਦਿਆਂ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ਕਿ ਉਹ ਦੋ ਮਹੀਨੇ ਬਾਅਦ ਵਿਧਾਨ ਸਭਾ ਦੀ ਮਿਆਦ ਖਤਮ ਹੋਣ 'ਤੇ ਮੁੜ ਚੋਣਾਂ ਲੜਨਗੇ ਜਾਂ ਨਹੀਂ? ਉਨ੍ਹਾਂ ਕਿਹਾ ਕਿ ਸੂਬਾ ਕੈਬਨਿਟ ਅਤੇ ਸ਼੍ਰੋਮਣੀ ਅਕਾਲੀ ਦਲ ਅਗਲੇਰੇ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਰਣਨੀਤੀ ਬਣਾਏਗਾ।
ਸ੍ਰੀ ਟੰਡਨ ਦੇ ਜਨਮ ਦਿਨ ਮੌਕੇ ਅੱਜ ਸਥਾਨਕ ਟੈਗੋਰ ਥੀਏਟਰ ਵਿੱਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਲੰਮਾ ਇਤਿਹਾਸ ਦੇਸ਼ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਏਕਤਾ, ਅਖੰਡਤਾ, ਪ੍ਰਭੂਸੱਤਾ ਤੇ ਮਰਿਆਦਾ ਦੀ ਰੱਖਿਆ ਵਾਸਤੇ ਸੂਰਮਗਤੀ, ਦੇਸ਼ ਭਗਤੀ ਤੇ ਆਤਮ ਬਲਿਦਾਨ ਦੀ ਗਾਥਾ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਪੰਜਾਬੀ ਆਪਣੀ ਮਾਂ ਭੂਮੀ ਦੀ ਰੱਖਿਆ ਲਈ ਕੋਈ ਵੀ ਬਲਿਦਾਨ ਦੇਣ ਲਈ ਤਿਆਰ ਹਨ। ਸ. ਬਾਦਲ ਨੇ ਕਿਹਾ ਕਿ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵਿਲੱਖਣ ਯੋਗਦਾਨ ਦੇਣ ਦੇ ਬਾਵਜੂਦ ਸੂਬੇ ਨਾਲ ਵੱਡਾ ਅਨਿਆਂ ਹੋਇਆ ਹੈ, ਜਿਸ ਨੂੰ ਤੁਰੰਤ ਹੋਰ ਦੇਰੀ ਤੋਂ ਰੋਕਿਆ ਜਾਣਾ ਚਾਹੀਦਾ ਹੈ।