ਮਸਲੇ ਦਾ ਤਰਕਸੰਗਤ ਹੱਲ ਲੱਭਿਆ ਜਾਵੇ : ਪਾਸਲਾ


ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਐਸ ਵਾਈ ਐਲ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਹਿੱਤਾਂ ਦੇ ਉਲਟ ਹੈ ਅਤੇ ਇਸ ਸੰਕਟ ਲਈ ਅਕਾਲੀ ਤੇ ਕਾਂਗਰਸੀ ਦੋਵੇਂ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਹਨ। ਇਸ ਮਸਲੇ ਨੂੰ ਸਹੀ ਢੰਗ ਨਾਲ ਨਜਿੱਠਣ ਦੀ ਬਜਾਇ ਇਹ ਧਿਰਾਂ ਕਦੇ ਸੋਨੇ ਦੀ ਕਹੀ ਨਾਲ ਟੱਕ ਲਾ ਕੇ ਇਸ ਨਹਿਰ ਦਾ ਉਦਘਾਟਨ ਕਰਦੀਆਂ ਹਨ ਤੇ ਕਦੇ ਵੋਟਾਂ ਖਾਤਰ ਆਪਣੇ ਹੱਥੀਂ ਉਸਾਰੀ ਨਹਿਰ ਨੂੰ ਪੂਰਨ ਲੱਗ ਜਾਂਦੀਆਂ ਹਨ। ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਘੋਰ ਸੰਕਟ 'ਚੋਂ ਲੰਘ ਰਹੀ ਹੈ ਅਤੇ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ ਅਤੇ ਅਦਾਲਤ ਦੇ ਇਸ ਫੈਸਲੇ ਨਾਲ ਪੰਜਾਬ ਦੇ ਮਾਲਵਾ ਤੇ ਦੁਆਬਾ ਖੇਤਰ ਹੋਰ ਜ਼ਿਆਦਾ ਸੰਕਟ 'ਚ ਆ ਜਾਣਗੇ। ਜਿਨ੍ਹਾਂ ਦਾ ਧਰਤੀ ਹੇਠਲਾ ਪਾਣੀ ਹੁਕਮਰਾਨਾਂ ਦੀ ਗੈਰ ਵਿਗਿਆਨਕ ਤੇ ਮੌਕਾਪ੍ਰਸਤ ਵਿਉਂਤਬੰਦੀ ਕਾਰਨ ਤੇਜ਼ੀ ਨਾਲ ਖਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ ਹੈ। ਉਨ੍ਹਾ ਕਿਹਾ ਕਿ ਇਸ ਫੈਸਲੇ ਨਾਲ ਦੋਵਾਂ ਸੂਬਿਆਂ ਦੇ ਸਿਆਸਤਦਾਨ ਲੋਕਾਂ ਨੂੰ ਭੜਕਾ ਕੇ ਟਕਰਾਅ ਵਾਲੇ ਹਾਲਾਤ ਵੀ ਪੈਦਾ ਕਰ ਸਕਦੇ ਹਨ ਜਿਹਾ ਕਿ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਨੂੰ ਉਸ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਦੋਹਾਂ ਸੂਬਿਆਂ ਦੇ ਲੋਕਾਂ ਨੂੰ ਅਮਨ ਬਣਾਈ ਰੱਖਣ ਦੀ ਅਪੀਲ ਕਰਦਿਆਂ ਸਾਥੀ ਪਾਸਲਾ ਨੇ ਇਸ ਮਸਲੇ ਦਾ ਇੱਕ ਤਰਕਸੰਗਤ ਹੱਲ ਲੱਭਣ ਲਈ ਕੇਂਦਰ 'ਤੇ ਜ਼ੋਰ ਦਿੱਤਾ ਹੈ, ਜਿਸ ਨਾਲ ਦੋਹਾਂ ਸੂਬਿਆਂ ਦੀ ਕਿਸਾਨੀ ਨੂੰ ਮਾਰ ਨਾ ਪਵੇ। ਪਰ ਦੁੱਖ ਦੀ ਗੱਲ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਅਹਿਮੀਅਤ ਨੂੰ ਸਮਝ ਨਹੀਂ ਰਹੀ ਅਤੇ ਉਸ ਦਾ ਝੁਕਾਅ ਪੰਜਾਬ ਦੀ ਬਨਿਸਬਤ ਹਰਿਆਣਾ ਵੱਲ ਜ਼ਿਆਦਾ ਹੈ, ਜਿਸ ਦਾ ਸਿੱਟਾ ਸੁਪਰੀਮ ਕੋਰਟ ਦੇ ਫੈਸਲੇ ਦੇ ਰੂਪ 'ਚ ਸਾਹਮਣੇ ਆਇਆ ਹੈ।