ਬੈਂਕ 'ਚ ਕਤਾਰ, ਆਮ ਆਦਮੀ ਲਾਚਾਰ : ਸਿੱਬਲ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਨੋਟਾਂ ਨੂੰ ਰਾਤੋ-ਰਾਤ ਬੰਦ ਕੀਤੇ ਜਾਣ ਦੇ ਫ਼ੈਸਲੇ ਨੂੰ ਦੇਸ਼ ਨਾਲ ਮਜ਼ਾਕ ਕਰ ਦਿੱਤਾ ਹੈ। ਉਨ੍ਹਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬਿਨਾਂ ਸੋਚੇ-ਸਮਝੇ ਦੇਸ਼ ਨਾਲ ਮਜ਼ਾਕ ਹੋ ਰਿਹਾ ਹੈ। ਉਹ ਕਿਹਾ ਕਿ ਇਹ ਫ਼ੈਸਲਾ ਨਿਰਾਸ਼ਾ 'ਚ ਲਿਆ ਗਿਆ ਹੈ। ਸਿੱਬਲ ਨੇ ਸਰਕਾਰ 'ਤੇ ਟਕੋਰ ਕਰਦਿਆਂ ਕਿਹਾ ਕਿ ਬੈਂਕਾਂ 'ਚ ਕਤਾਰ ਹੈ, ਆਮ ਆਦਮੀ ਲਾਚਾਰ ਹੈ। ਉਨ੍ਹਾ ਕਿਹਾ ਕਿ ਇਸ ਸਭ ਕਾਸੇ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਇਸ ਵੇਲੇ ਜਾਪਾਨ ਦੇ ਦੌਰੇ 'ਤੇ ਹਨ, ਜਦਕਿ ਇਸ ਘੜੀ ਉਨ੍ਹਾ ਨੂੰ ਦੇਸ਼ 'ਚ ਹੋਣਾ ਚਾਹੀਦਾ ਸੀ। ਸਿੱਬਲ ਨੇ ਪ੍ਰਧਾਨ ਮੰਤਰੀ ਨੂੰ ਵੀ ਸਵਾਲ ਕੀਤਾ ਕਿ ਜਦੋਂ ਉਨ੍ਹਾ (ਸਿੱਬਲ) ਕੋਲ ਆਪਣਾ ਬੈਂਕ ਖਾਤਾ ਹੈ, ਪੈਸੇ ਵੀ ਉਨ੍ਹਾ ਦੇ ਆਪਣੇ ਹਨ ਤਾਂ ਫੇਰ ਉਹ ਕਤਾਰ 'ਚ ਕਿਉਂ ਲੱਗਣ।
ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਵੀ ਕੇਂਦਰ ਦੇ ਇਸ ਫ਼ੈਸਲੇ ਬਾਰੇ ਸਵਾਲ ਉਠਾਏ ਸਨ। ਉਨ੍ਹਾ ਭਾਜਪਾ 'ਤੇ ਤਿੱਖਾ ਹਮਲਾ ਕਰਦਿਆ ਕਿਹਾ ਕਿ ਭਾਜਪਾ ਆਪਣੇ ਸਾਰੇ ਪ੍ਰੋਗਰਾਮਾਂ 'ਚ ਕਾਲੇ ਧਨ ਦੀ ਵਰਤੋਂ ਕਰਦੀ ਹੈ ਅਤੇ ਹੁਣ ਉਹ ਉਸ ਵਿਰੁੱਧ ਮੁਹਿੰਮ ਚਲਾ ਰਹੀ ਹੈ। ਉਨ੍ਹਾ ਕਿਹਾ ਕਿ ਭਾਜਪਾ ਦੇ ਪ੍ਰੋਗਰਾਮਾਂ 'ਤੇ ਖ਼ਰਚ ਕੀਤੇ ਗਏ ਪੈਸੇ ਦੀ ਜਾਂਚ ਲਈ ਇੱਕ ਕਮਿਸ਼ਨ ਕਾਇਮ ਕੀਤਾ ਜਾਣਾ ਚਾਹੀਦਾ ਹੈ।