Latest News

ਮੋਦੀ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੋਈ ਸੀ ਵੱਡੀ ਰਕਮ ਜਮ੍ਹਾਂ

Published on 12 Nov, 2016 11:16 AM.


ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਪੱਛਮੀ ਬੰਗਾਲ ਵਿੱਚ ਸੀ ਪੀ ਐੱਮ ਦੇ ਪਰਚੇ 'ਗੰਗਾ ਸ਼ਕਤੀ' ਨੇ 500 ਅਤੇ 1000 ਦੇ ਨੋਟ ਬੰਦ ਕੀਤੇ ਜਾਣ ਦੇ ਅਮਲ ਬਾਰੇ ਇੱਕ ਅਹਿਮ ਖੁਲਾਸਾ ਕੀਤਾ ਹੈ। ਅਖਬਾਰ ਨੇ ਆਪਣੇ ਮੁੱਖ ਪੰਨੇ 'ਤੇ ਖਬਰ ਛਾਪੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ 500 ਅਤੇ 1000 ਦੇ ਨੋਟ ਬੰਦ ਕੀਤੇ ਜਾਣ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ ਆਪਣੇ ਬੈਂਕ ਖਾਤੇ ਵਿੱਚ ਇੱਕ ਕਰੋੜ ਦੀ ਰਕਮ ਜਮ੍ਹਾਂ ਕਰਵਾਈ ਸੀ, ਜੋ ਕਿ ਸਾਰੀ ਦੀ ਸਾਰੀ 500 ਅਤੇ 1000 ਦੇ ਨੋਟਾਂ ਦੇ ਰੂਪ ਵਿੱਚ ਸੀ।
ਪ੍ਰਾਪਤ ਰਿਪੋਰਟ ਮੁਤਾਬਕ 8 ਨਵੰਬਰ ਨੂੰ ਬਾਅਦ ਦੁਪਹਿਰ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ ਇੰਡੀਅਨ ਬੈਂਕ ਦੀ ਕੇਂਦਰੀ ਐਵੀਨਿਊ ਸਥਿਤ ਬਰਾਂਚ ਦੇ ਆਪਣੇ ਖਾਤਾ ਨੰਬਰ 554510034 'ਚ 60 ਲੱਖ ਰੁਪਏ ਜਮ੍ਹਾਂ ਕਰਵਾਏ ਸਨ, ਜੋ ਕਿ ਸਾਰੇ ਦੇ ਸਾਰੇ 500 ਅਤੇ 1000 ਦੇ ਨੋਟ ਸਨ। ਰਿਪੋਰਟ ਮੁਤਾਬਕ ਇਸ ਤੋਂ ਘੰਟੇ ਬਾਅਦ ਹੀ ਇਸੇ ਖਾਤੇ ਵਿੱਚ 40 ਲੱਖ ਰੁਪਏ ਹੋਰ ਜਮ੍ਹਾਂ ਕਰਵਾਏ ਗਏ, ਜੋ ਕਿ ਉਹ ਵੀ 500 ਅਤੇ 1000 ਦੇ ਨੋਟ ਸਨ। ਇਹ ਸਾਰਾ ਅਮਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਨੇਪਰੇ ਚਾੜ੍ਹਿਆ ਗਿਆ। ਸੀ ਪੀ ਐੱਮ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਪਹਿਲਾਂ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਖਾਤੇ ਵਿੱਚ ਇੱਕ ਕਰੋੜ ਰੁਪਏ ਇਕਦਮ ਜਮ੍ਹਾਂ ਕਰਵਾਏ ਜਾਣ ਤੋਂ ਲੱਗਦਾ ਹੈ ਕਿ ਪਾਰਟੀ ਨੂੰ ਇਸ ਐਲਾਨ ਬਾਰੇ ਅਗਾਊਂ ਪਤਾ ਸੀ। ਸੀ ਪੀ ਐੱਮ ਦੇ ਸੂਬਾ ਸਕੱਤਰ ਸੂਰਿਆ ਕਾਂਤ ਮਿਸ਼ਰਾ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਪਹਿਲਾਂ ਇੱਕ ਕਰੋੜ ਦੀ ਏਡੀ ਵੱਡੀ ਰਕਮ ਭਾਜਪਾ ਦੇ ਖਾਤੇ ਵਿੱਚ ਕਿਵੇਂ ਜਮ੍ਹਾਂ ਹੋ ਗਈ, ਕੀ ਭਾਜਪਾ ਇਕਾਈ ਨੂੰ ਪ੍ਰਧਾਨ ਮੰਤਰੀ ਦੇ ਐਲਾਨ ਬਾਰੇ ਪਹਿਲਾਂ ਹੀ ਪਤਾ ਸੀ। ਉਨ੍ਹਾ ਕਿਹਾ ਕਿ ਇਹ ਨਾ ਕੇਵਲ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਬਦਲਣ ਦੀ ਕੋਸ਼ਿਸ਼ ਸੀ, ਸਗੋਂ ਇਹ ਵੀ ਜੱਗ-ਜ਼ਾਹਰ ਹੋ ਗਿਆ ਕਿ ਕੁਝ ਖਾਸ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਐਲਾਨ ਬਾਰੇ ਪਹਿਲਾਂ ਹੀ ਪਤਾ ਸੀ। ਖੱਬੇ ਫਰੰਟ ਵਿਧਾਇਕ ਦਲ ਦੇ ਆਗੂ ਅਤੇ ਸੀ ਪੀ ਐੱਮ ਦੇ ਵਿਧਾਇਕ ਸੁਜਾਨ ਚਕਰਵਰਤੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਘਪਲਾ ਕੇਵਲ ਪੱਛਮੀ ਬੰਗਾਲ 'ਚ ਹੀ ਨਹੀਂ ਹੋਇਆ, ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸੱਤਾਧਾਰੀ ਧਿਰ ਦੇ ਨੇੜੂਆਂ ਨੇ ਅਜਿਹੀ ਹੇਰਾਫੇਰੀ ਕੀਤੀ। ਦੂਜੇ ਪਾਸੇ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਲੀਪ ਘੋਸ਼ ਨੇ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲੇ ਜਾਣ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਘੋਸ਼ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਨ੍ਹਾ ਨੂੰ ਅਜਿਹੇ ਲੈਣ-ਦੇਣ ਦੀ ਕੋਈ ਜਾਣਕਾਰੀ ਨਹੀਂ ਅਤੇ ਜੇ ਵੱਡੀ ਰਕਮ ਪਾਰਟੀ ਦੇ ਖਾਤੇ ਵਿੱਚ ਜਮ੍ਹਾਂ ਵੀ ਕਰਵਾਈ ਗਈ ਹੈ ਤਾਂ ਇਸ ਵਿੱਚ ਗਲਤ ਵੀ ਕੀ ਹੈ। ਘੋਸ਼ ਨੇ ਕਿਹਾ ਕਿ ਉਹ ਚੋਣ ਖਰਚਿਆਂ ਲਈ ਦਿੱਲੀ ਪਾਰਟੀ ਦਫਤਰ ਨੂੰ ਪੈਸੇ ਭੇਜਦੇ ਹੀ ਰਹਿੰਦੇ ਹਨ। ਭਾਜਪਾ ਦੇ ਇੱਕ ਹੋਰ ਆਗੂ ਜੈਪ੍ਰਕਾਸ਼ ਮਜੂਮਦਾਰ ਨੇ ਕਿਹਾ ਕਿ ਬੈਂਕ 'ਚ ਪੈਸੇ ਕਾਨੂੰਨ ਮੁਤਾਬਕ ਹੀ ਜਮ੍ਹਾਂ ਕਰਵਾਏ ਗਏ ਸਨ।

505 Views

e-Paper