ਕਾਲਾ ਧਨ ਕਢਵਾਉਣ ਲਈ ਉਠਾਏ ਜਾਣਗੇ ਹੋਰ ਕਦਮ; ਮੋਦੀ ਵੱਲੋਂ ਸੰਕੇਤ


ਟੋਕੀਓ (ਨਵਾਂ ਜ਼ਮਾਨਾ ਸਰਵਿਸ)
500 ਤੇ 1000 ਰੁਪਏ ਦੇ ਪੁਰਾਣੇ ਨੋਟਾਂ 'ਤੇ ਪਾਬੰਦੀ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਧਨ ਖਿਲਾਫ ਹੋਰ ਜ਼ਿਆਦਾ ਕਦਮ ਉਠਾਏ ਜਾਣ ਦੇ ਸੰਕੇਤ ਦਿੱਤੇ ਹਨ। ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਗੱਲ ਦੀ ਕੋਈ ਗਰੰਟੀ ਨਹੀਂ 30 ਦਸੰਬਰ ਮਗਰੋਂ ਹੋਰ ਕਦਮ ਨਹੀਂ ਚੁੱਕੇ ਜਾਣਗੇ। ਜ਼ਿਕਰਯੋਗ ਹੈ ਕਿ ਸਰਕਾਰ ਨੇ ਲੋਕਾਂ ਨੂੰ ਪੁਰਾਣੇ ਨੋਟ ਜਮ੍ਹਾਂ ਕਰਾਉਣ ਲਈ 30 ਦਸੰਬਰ ਤੱਕ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਇਮਾਨਦਾਰ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ, ਪਰ ਕਾਲਾ ਧਨ ਰੱਖਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਉਨ੍ਹਾ ਕਿਹਾ ਕਿ ਜੇ ਕਿਸੇ ਕੋਲੋਂ ਬਿਨਾਂ ਹਿਸਾਬ ਵਾਲੀ ਕਿਸੇ ਚੀਜ਼ ਦਾ ਪਤਾ ਚਲਦਾ ਹੈ ਤਾਂ ਉਸ ਦੇ ਅਜ਼ਾਦੀ ਮਗਰੋਂ ਸਾਰੇ ਰਿਕਾਰਡ ਦੀ ਜਾਂਚ ਕਰਵਾਈ ਜਾਵੇਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ, ਪਰ ਇਮਾਨਦਾਰ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾ ਕਿਹਾ ਕਿ ਜਿਹੜੇ ਲੋਕ ਮੈਨੂੰ ਜਾਣਦੇ ਹਨ ਅਤੇ ਸਮਝਦਾਰ ਵੀ ਹਨ, ਉਨ੍ਹਾਂ ਪੈਸਾ ਬੈਂਕਾਂ 'ਚ ਜਮ੍ਹਾਂ ਕਰਾਉਣ ਦੀ ਥਾਂ ਗੰਗਾ 'ਚ ਸੁੱਟਣਾ ਬੇਹਤਰ ਸਮਝਿਆ।
ਉਨ੍ਹਾ ਕਿਹਾ ਕਿ ਦੁਨੀਆ ਭਰ ਦੇ ਅਰਥ ਸ਼ਾਸਤਰੀ ਮੰਨਦੇ ਹਨ ਕਿ ਭਾਰਤ ਸਭ ਤੋਂ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਚੁੱਕੇ ਗਏ ਕਦਮਾਂ ਨਾਲ 1.25 ਲੱਖ ਕਰੋੜ ਰੁਪਏ ਦਾ ਕਾਲਾ ਧਨ ਬਾਹਰ ਆਇਆ ਹੈ।
ਮੋਦੀ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਫ਼ੰਡ ਨੇ ਕਿਹਾ ਕਿ ਭਾਰਤ ਆਸ ਦੀ ਕਿਰਨ ਹੈ। ਉਨ੍ਹਾ ਕਿਹਾ ਕਿ ਮੇਰੀ ਐੱਫ਼ ਡੀ ਆਈ ਦੀ ਆਪਣੀ ਪਰਿਭਾਸ਼ਾ ਹੈ। ਪਹਿਲੀ ਪਰਿਭਾਸ਼ਾ ਹੈ ਦੇਸ਼ ਦਾ ਵਿਕਾਸ ਕਰੋ ਅਤੇ ਦੂਜੀ ਪਰਿਭਾਸ਼ਾ ਸਿੱਧਾ ਵਿਦੇਸ਼ੀ ਨਿਵੇਸ਼ ਹੈ।
ਇਸ ਤੋਂ ਪਹਿਲਾਂ ਜਪਾਨ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਬੇ ਵਿਖੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਭਾਰਤੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਮੈਂ ਕੋਬੇ ਆ ਕੇ ਭਾਰਤੀਆਂ ਨੂੰ ਮਿਲੇ ਬਿਨਾਂ ਚਲਿਆ ਜਾਵਾਂ, ਇਹ ਸੰਭਵ ਨਹੀਂ। ਉਨ੍ਹਾ ਕਿਹਾ ਕਿ ਗੁਜਰਾਤ 'ਚ ਭੁਚਾਲ ਵੇਲੇ ਕੋਬੇ ਨੇ ਬਹੁਤ ਮਦਦ ਕੀਤੀ ਸੀ।
ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਭਾਰਤ 'ਚ ਜੋ ਕੁਝ ਚੰਗਾ ਹੁੰਦਾ ਹੈ, ਉਸ ਕਰਕੇ ਤੁਹਾਡਾ ਸਿਰ ਵੀ ਮਾਣ ਨਾਲ ਉਚਾ ਹੁੰਦਾ ਹੋਵੇਗਾ। ਉਨ੍ਹਾ ਕਿਹਾ ਕਿ ਭਾਰਤ ਆਰਥਿਕ ਵਿਕਾਸ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਪੂਰਾ ਸੰਸਾਰ ਆਖ ਰਿਹਾ ਹੈ ਕਿ ਸਭ ਤੋਂ ਤੇਜ਼ ਰਫ਼ਤਾਰ ਨਾਲ ਜਿਹੜੇ ਦੇਸ਼ ਦੀ ਅਰਥ-ਵਿਵਸਥਾ ਅੱਗੇ ਵਧ ਰਹੀ ਹੈ, ਉਹ ਦੇਸ਼ ਭਾਰਤ ਹੈ। ਮੋਦੀ ਨੇ ਭਾਰਤ 'ਚ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਫ਼ੈਸਲੇ 'ਤੇ ਲੋਕਾਂ ਦੀ ਹਮਾਇਤ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਤਕਲੀਫ਼ਾਂ ਦੇ ਬਾਵਜੂਦ ਫ਼ੈਸਲੇ ਨੂੰ ਸਵੀਕਾਰ ਕੀਤਾ ਹੈ। ਉਨ੍ਹਾ ਕਿਹਾ ਕਿ ਦੇਸ਼ ਦੇ ਗਰੀਬਾਂ ਨੇ ਅਮੀਰੀ ਦਿਖਾਈ ਹੈ, ਅਮੀਰਾਂ ਦੀ ਗਰੀਬੀ ਤਾਂ ਕਈ ਵਾਰ ਦੇਖੀ ਹੈ।
ਕਾਲਾ ਧਨ ਰੱਖਣ ਵਾਲਿਆਂ ਨੂੰ ਆਈ ਮੁਸੀਬਤਾਂ 'ਤੇ ਚੁਟਕੀ ਲੈਂਦਿਆਂ ਮੋਦੀ ਨੇ ਕਿਹਾ ਕਿ ਪਹਿਲਾਂ ਗੰਗਾ 'ਚ ਕੋਈ 1 ਰੁਪਈਆ ਵੀ ਨਹੀਂ ਸੁੱਟਦਾ ਸੀ, ਪਰ ਹੁਣ ਉਸੇ ਗੰਗਾ ਨਦੀ 'ਚ 500, 1000 ਰੁਪਏ ਦੇ ਨੋਟ ਸੁੱਟੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਨੋਟਬੰਦੀ ਮੁਹਿੰਮ ਇੱਕ ਬਹੁਤ ਵੱਡਾ ਸਵੱਛਤਾ ਅਭਿਆਨ ਹੈ ਅਤੇ ਇਹ ਕਿਸੇ ਨੂੰ ਤਕਲੀਫ਼ ਦੇਣ ਲਈ ਨਹੀਂ। 30 ਦਸੰਬਰ ਤੱਕ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਜੋ ਵੀ ਤੁਹਾਡਾ ਹੈ, ਤੁਹਾਨੂੰ ਜ਼ਰੂਰ ਮਿਲੇਗਾ ਅਤੇ ਯੋਜਨਾ ਪੂਰੀ ਹੋਣ ਮਗਰੋਂ ਬਾਕੀ ਕੁਝ ਟਿਕਾਣੇ ਨਹੀਂ ਲਾਇਆ ਜਾ ਸਕੇਗਾ।