ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਭਾਰਤੀ ਰਾਜ : ਹਿਮਾਂਸ਼ੂ ਕੁਮਾਰ


ਲੁਧਿਆਣਾ (ਸਤੀਸ਼ ਸਚਦੇਵਾ)
'ਇਸ ਵਕਤ ਛੱਤੀਸਗੜ੍ਹ ਅਤੇ ਹੋਰ ਮਾਓਵਾਦੀ ਇਲਾਕਿਆਂ ਵਿਚ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਇਕ ਮੁਕੰਮਲ ਯੁੱਧ ਚੱਲ ਰਿਹਾ ਹੈ, ਜਿਸ ਨੂੰ ਬਾਕੀ ਦੇਸ਼ ਤੋਂ ਚਲਾਕੀ ਨਾਲ ਛੁਪਾਇਆ ਜਾ ਰਿਹਾ ਹੈ। ਮੋਦੀ ਦੀ ਅਗਵਾਈ ਹੇਠ ਭਾਜਪਾ ਦੇ ਸੱਤਾਧਾਰੀ ਹੋਣ ਨਾਲ ਇਸ ਯੁੱਧ ਤਹਿਤ ਪੂਰੀ ਦਰਿੰਦਗੀ ਨਾਲ ਗ਼ਰੀਬ ਤੇ ਨਿਤਾਣੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ।' ਇਹ ਵਿਚਾਰ ਅੱਜ ਇੱਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਇੱਥੇ ਪੰਜਾਬੀ ਭਵਨ ਵਿਖੇ ਆਯੋਜਿਤ ਕੀਤੀ ਸੂਬਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮਸ਼ਹੂਰ ਗਾਂਧੀਵਾਦੀ ਅਤੇ ਜਮਹੂਰੀ ਹੱਕਾਂ ਦੇ ਘੁਲਾਟੀਏ ਸ੍ਰੀ ਹਿਮਾਂਸ਼ੂ ਕੁਮਾਰ ਨੇ ਪੇਸ਼ ਕੀਤੇ । ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਹਿਮਾਂਸ਼ੂ ਕੁਮਾਰ, ਪ੍ਰੋਫੈਸਰ ਏ.ਕੇ. ਮਲੇਰੀ, ਪ੍ਰੋਫੈਸਰ ਜਗਮੋਹਣ ਸਿੰਘ, ਮਾਸਟਰ ਤਰਸੇਮ ਲਾਲ, ਐਡਵੋਕੇਟ ਐੱਨ.ਕੇ. ਜੀਤ, ਪ੍ਰਿਤਪਾਲ, ਜਸਵੰਤ ਜੀਰਖ਼ ਸੁਸ਼ੋਭਿਤ ਸਨ । ਮੁੱਖ ਵਕਤਾ ਨੇ ਕਿਹਾ ਕਿ ਇਹ ਯੁੱਧ ਜੰਗਲਾਂ ਵਿੱਚੋਂ ਆਦਿਵਾਸੀਆਂ ਦਾ ਸਫ਼ਾਇਆ ਕਰਕੇ ਅਮੀਰ ਕੁਦਰਤੀ ਵਸੀਲਿਆਂ ਉੱਪਰ ਕਾਰਪੋਰੇਟ ਸਰਮਾਏਦਾਰੀ ਦਾ ਕਬਜ਼ਾ ਕਰਾਉਣ ਲਈ ਹੈ। ਸਰਕਾਰੀ ਪ੍ਰਚਾਰ ਦੇ ਉਲਟ ਆਦਿਵਾਸੀ ਤਾਂ ਆਪਣੇ ਘਰ ਵਿਚ ਬੈਠ ਕੇ ਆਪਣੀ ਸਵੈਰਾਖੀ ਲਈ ਲੜ ਰਹੇ ਹਨ, ਜਦਕਿ ਇਹ ਭਾਰਤੀ ਰਾਜ ਹੈ, ਜੋ ਉਨ੍ਹਾਂ ਉੱਪਰ ਅਣਐਲਾਨੇ ਫ਼ੌਜੀ ਹਮਲੇ ਕਰ ਰਿਹਾ ਹੈ ਅਤੇ ਸਟੇਟ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ।ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਇਸ ਯੁੱਧ ਵਿਚ ਨੀਮ-ਫ਼ੌਜੀ ਬਲ, ਛੱਤੀਸਗੜ੍ਹ ਪੁਲਸ ਅਤੇ ਰਾਜ ਵੱਲੋਂ ਖੜ੍ਹੇ ਕੀਤੇ ਗ਼ੈਰ-ਕਾਨੂੰਨੀ ਕਾਤਲ ਗਰੋਹ ਆਦਿਵਾਸੀਆਂ ਦਾ ਵਿਆਪਕ ਪੈਮਾਨੇ 'ਤੇ ਘਾਣ ਕਰ ਰਹੇ ਹਨ।ਆਦਿਵਾਸੀ ਨੌਜਵਾਨਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਹੈ, ਕਿਉਂਕਿ ਨੌਜਵਾਨਾਂ ਵਿਚ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਸਮਾਜ ਨੂੰ ਬਦਲਣ ਲਈ ਜੂਝਣ ਦੀ ਬੇਥਾਹ ਤਾਕਤ ਹੁੰਦੀ ਹੈ।ਉਨ੍ਹਾ ਕਿਹਾ ਕਿ ਇਸ ਅਣਐਲਾਨੇ ਤੇ ਗੁਪਤ ਯੁੱਧ ਦੇ ਤੱਥਾਂ 'ਤੇ ਪਰਦਾ ਪਾਉਣ ਲਈ ਪੱਤਰਕਾਰਾਂ, ਵਕੀਲਾਂ ਤੇ ਜਮਹੂਰੀ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਕੇ ਪਰਦਾਪੋਸ਼ੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਹਾਲਾਤ ਐਨੇ ਸੰਗੀਨ ਹਨ ਕਿ ਬਸਤਰ ਵਿਚ ਕਤਲ ਦੇ ਮਾਮਲੇ ਦਿੱਲੀ ਦੇ ਪ੍ਰੋਫੈਸਰਾਂ ਉੱਪਰ ਦਰਜ ਕੀਤੇ ਜਾ ਰਹੇ ਹਨ । ਅਦਾਲਤਾਂ ਨੂੰ ਪਤਾ ਹੈ ਕਿ ਸੱਚ ਕੀ ਹੈ, ਪਰ ਪੁਲਸ ਤੇ ਸਰਕਾਰਾਂ ਦੀ ਮਿਲੀਭੁਗਤ ਅਤੇ ਸੱਤਾ ਦੀਆਂ ਮਨਮਾਨੀਆਂ ਅੱਗੇ ਈਮਾਨਦਾਰ ਜੱਜ ਬੇਵੱਸ ਹਨ।ਪੂਰੇ ਦੇਸ਼ ਵਿਚ ਮੋਦੀ ਸਰਕਾਰ ਵੱਲੋਂ ਫਾਸ਼ੀਵਾਦੀ ਮਾਹੌਲ ਸਿਰਜਿਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਇਸ ਘੋਰ ਹਨੇਰਗਰਦੀ ਦੇ ਮਾਹੌਲ ਵਿਚ ਉਮੀਦ ਦੀ ਕਿਰਨ ਇਹ ਹੈ ਕਿ ਲੋਕਾਂ ਖ਼ਾਸ ਕਰਕੇ ਆਦਿਵਾਸੀਆਂ ਅਤੇ ਦਲਿਤਾਂ ਦੀ ਇਸ ਫਾਸ਼ੀਵਾਦ ਦੇ ਖ਼ਿਲਾਫ਼ ਏਕਤਾ ਮਜ਼ਬੂਤ ਹੋ ਰਹੀ ਹੈ ਅਤੇ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਹੋ ਰਿਹਾ ਹੈ।
ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰਧਾਨ ਪ੍ਰੋਫੈਸਰ ਮਲੇਰੀ ਨੇ ਕਿਹਾ ਕਿ ਖੁੱਲ੍ਹੀ ਮੰਡੀ ਦੇ ਮਾਡਲ ਦੇ ਸਿਧਾਂਤਕਾਰਾਂ ਅਨੁਸਾਰ ਵਿਚਾਰਾਂ ਦੀ ਆਜ਼ਾਦੀ ਅਤੇ ਸਮਾਜ ਦੇ ਹਿੱਤਾਂ ਦੀ ਗੱਲ ਸਭ ਤੋਂ ਵੱਡਾ ਖ਼ਤਰਾ ਮੰਨੀ ਜਾਂਦੀ ਹੈ।ਕਿਤਾਬਾਂ ਜਦੋਂ ਗਿਆਨ ਦੇ ਪਸਾਰੇ ਦਾ ਸਾਧਨ ਬਣ ਕੇ ਆਮ ਲੋਕਾਂ ਤੱਕ ਪਹੁੰੰਚਦੀਆਂ ਹਨ ਤਾਂ ਇਹ ਸਥਾਪਤੀ ਨੂੰ ਸਭ ਤੋਂ ਵੱਧ ਭੈਅ-ਭੀਤ ਕਰਦੀਆਂ ਹਨ।ਇਸੇ ਸੋਚ ਦੇ ਪੈਰੋਕਾਰ ਭਾਰਤੀ ਹੁਕਮਰਾਨ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਚਿੰਤਨਸ਼ੀਲ ਵਿਚਾਰਾਂ ਦਾ ਸੋਮਾ ਆਹਲਾ ਮਿਆਰੀ ਸਿੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ।ਇਸ ਮੌਕੇ ਐਡਵੋਕੇਟ ਐੱਨ.ਕੇ. ਜੀਤ ਨੇ ਮਲਕਾਨਗਿਰੀ ਮੁਕਾਬਲੇ ਦੇ ਤੱਥ ਖੋਜ ਟੀਮ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਮਾਓਵਾਦੀਆਂ ਅਤੇ ਉਨ੍ਹਾ ਦੇ ਹਮਾਇਤੀ ਆਦਿਵਾਸੀਆਂ ਨੂੰ ਕਤਲ ਕਰਨ ਦੇ ਉਦੇਸ਼ ਨਾਲ ਗੋਲੀਆਂ ਨਾਲ ਭੁੰਨਿਆ ਗਿਆ ਅਤੇ ਅਖਾਉਤੀ ਵਿਕਾਸ ਦਾ ਵਿਰੋਧ ਕਰ ਰਹੇ ਆਦਿਵਾਸੀ ਟਾਕਰੇ ਨੂੰ ਕੁਚਲਣ ਲਈ ਐਸੇ ਮੁਕਾਬਲਿਆਂ ਦੇ ਨਾਂਅ ਹੇਠ ਆਮ ਲੋਕਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਮਾਰਿਆ ਜਾ ਰਿਹਾ ਹੈ, ਜੋ ਦਰਿੰਦਗੀ ਦੀ ਇੰਤਹਾ ਹੈ ।
ਇਸ ਮੌਕੇ ਸੂਬਾਈ ਆਗੂ ਪ੍ਰਿਤਪਾਲ ਵੱਲੋਂ ਪੇਸ਼ ਕੀਤੇ ਮਤਿਆਂ ਵਿਚ ਭੋਪਾਲ ਅਤੇ ਮਲਕਾਨਗਿਰੀ ਦੇ ਮੁਕਾਬਲਿਆਂ ਨੂੰ ਝੂਠੇ ਮੁਕਾਬਲੇ ਕਰਾਰ ਦਿੰਦੇ ਹੋਏ ਇਨ੍ਹਾਂ ਵਿਚ ਸ਼ਾਮਲ ਪੁਲਸ ਅਫ਼ਸਰਾਂ ਦੇ ਖ਼ਿਲਾਫ਼ ਕਤਲ ਦੇ ਮੁਕੱਦਮੇ ਦਰਜ ਕਰਨ, ਦੇਸ਼ ਦੇ ਲੋਕਾਂ ਖਿਲਾਫ਼ ਕੀਤੇ ਜਾ ਰਹੇ ਨੀਮ-ਫ਼ੌਜੀ ਤੇ ਪੁਲਸੀ ਹਮਲੇ ਅਤੇ ਪੁਲਸ ਮੁਕਾਬਲੇ ਬੰਦ ਕਰਨ, ਆਦਿਵਾਸੀ ਤੇ ਹੋਰ ਇਲਾਕਿਆਂ ਵਿੱਚੋਂ ਨੀਮ-ਫ਼ੌਜੀ ਤਾਕਤਾਂ ਅਤੇ ਸਪੈਸ਼ਲ ਪੁਲਸ ਵਾਪਸ ਬੁਲਾਉਣ, ਜਥੇਬੰਦੀਆਂ ਉੱਪਰ ਪਾਬੰਦੀ ਲਗਾ ਕੇ ਸਥਾਪਤੀ ਤੋਂ ਵੱਖਰੇ ਵਿਚਾਰਾਂ ਨੂੰ ਕੁਚਲਣ ਦੀ ਨੀਤੀ ਵਾਪਸ ਲੈਣ ਅਤੇ ਜਲੂਰ ਕਾਂਡ ਦੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਅਤੇ ਦਲਿਤਾਂ ਦੇ ਆਪਣੀ ਹੱਕ-ਜਤਾਈ ਲਈ ਸੰਘਰਸ਼ ਦੀ ਹਮਾਇਤ ਕੀਤੀ ਗਈ । ਇਕ ਹੋਰ ਮਤੇ ਰਾਹੀਂ ਨੋਟ ਬਦਲੀ ਦੇ ਨਾਂਅ ਹੇਠ ਦੇਸ਼ ਉੱਪਰ ਆਰਥਿਕ ਐਮਰਜੰਸੀ ਥੋਪ ਕੇ ਲੋਕਾਂ ਦੀ ਪਹਿਲਾਂ ਹੀ ਸੰਕਟਗ੍ਰਸਤ ਜ਼ਿੰਦਗੀ ਨੂੰ ਹੋਰ ਵਧਾਉਣ, ਜਿਸ ਪਿੱਛੇ ਸਰਕਾਰ ਦਾ ਉਦੇਸ਼ ਲੋਕਾਂ ਦੀਆਂ ਬੱਚਤਾਂ ਨੂੰ ਹੜੱਪ ਕੇ ਕਾਰਪੋਰੇਟ ਸਰਮਾਏਦਾਰੀ ਦੇ ਮੁਨਾਫ਼ਿਆਂ ਦੀ ਸੇਵਾ ਵਿਚ ਲਾਉਣਾ ਹੈ ।