ਏ ਟੀ ਐੱਮ ਸੇਵਾ ਬਹਾਲੀ 'ਚ ਤਿੰਨ ਹਫਤੇ ਲੱਗਣਗੇ : ਜੇਤਲੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬੈਂਕ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਉਹ ਬਿਨਾਂ ਛੁੱਟੀ ਸਵੇਰ ਤੋਂ ਸ਼ਾਮ ਤੱਕ ਕੰਮ 'ਤੇ ਲੱਗੇ ਹੋਏ ਹਨ ਤਾਂ ਜੋ ਲੋਕਾਂ ਦੀ ਮੁਸ਼ਕਲ ਨੂੰ ਦੂਰ ਕੀਤਾ ਜਾ ਸਕੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ 'ਚ ਨੋਟਾਂ ਦੀ ਕਮੀ ਤੋਂ ਇਨਕਾਰ ਕਰਦਿਆਂ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਦੇਸ਼ 'ਚ ਨੋਟਾਂ ਦੀ ਕੋਈ ਕਮੀ ਨਹੀਂ। ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਚੈੱਸਟ 'ਚ ਭਰਪੂਰ ਮਾਤਰਾ 'ਚ ਕਰੰਸੀ ਮੌਜੂਦ ਹੈ। ਏ ਟੀ ਐੱਮ ਬਾਰੇ ਬੋਲਦਿਆਂ ਉਨ੍ਹਾ ਕਿਹਾ ਕਿ ਫਿਲਹਾਲ ਏ ਟੀ ਐੱਮ 'ਚੋਂ 100-100 ਰੁਪਏ ਦੇ ਨੋਟ ਨਿਕਲ ਰਹੇ ਹਨ ਤੇ ਏ ਟੀ ਐੱਮ ਸੇਵਾ ਦੀ ਮੁਕੰਮਲ ਬਹਾਲੀ 'ਚ ਅਜੇ ਤਿੰਨ ਹਫਤੇ ਲੱਗਣਗੇ।
ਉਨ੍ਹਾ ਕਿਹਾ ਕਿ ਬੈਂਕਾਂ 'ਚ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾਂ ਲੋਕ ਪਹੁੰਚ ਰਹੇ ਹਨ ਅਤੇ ਨੋਟਬੰਦੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਨੋਟਬੰਦੀ ਦੇ ਫ਼ੈਸਲੇ 'ਤੇ ਪ੍ਰੇਸ਼ਾਨੀ ਦੇ ਬਾਵਜੂਦ ਲੋਕ ਸਹਿਯੋਗ ਕਰ ਰਹੇ ਹਨ ਅਤੇ ਨੋਟਬੰਦੀ ਨੂੰ ਲੈ ਕੇ ਪੂਰੇ ਦੇਸ਼ 'ਚ ਬਹੁਤ ਵੱਡਾ ਉਪਰੇਸ਼ਨ ਚੱਲ ਰਿਹਾ ਹੈ। ਜੇਤਲੀ ਨੇ ਦੱਸਿਆ ਕਿ ਅੱਜ ਦੁਪਹਿਰ ਸਵਾ 12 ਵਜੇ ਤੱਕ ਸਟੇਟ ਬੈਂਕ ਆਫ਼ ਇੰਡੀਆ ਨੇ ਦੋ ਕਰੋੜ 28 ਲੱਖ ਟਰਾਂਜੈਕਸ਼ਨ ਕੀਤੇ ਹਨ। ਇਸ ਤੋਂ ਇਲਾਵਾ ਲੋਕਾਂ ਨੇ 47868 ਕਰੋੜ ਰੁਪਏ ਨਗਦ ਜਮ੍ਹਾਂ ਕਰਵਾਏ ਹਨ ਅਤੇ ਸਵਾ ਦੋ ਦਿਨਾਂ 'ਚ 58 ਲੱਖ ਲੋਕਾਂ ਨੇ ਬੈਂਕਾਂ 'ਚੋਂ ਨੋਟ ਬਦਲਵਾਏ ਹਨ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਸਾਲ 'ਚ ਸਿਰਫ਼ ਸਤੰਬਰ ਮਹੀਨੇ 'ਚ ਬੈਂਕ ਜਮ੍ਹਾਂ 'ਚ ਵਾਧੇ ਦਾ ਕਾਰਨ ਅਗਸਤ ਮਹੀਨੇ ਜਾਰੀ ਕੀਤਾ ਗਿਆ ਸੱਤਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ ਹੈ। ਉਨ੍ਹਾ ਕਿਹਾ ਕਿ 2000 ਅਤੇ 500 ਦੇ ਨਵੇਂ ਨੋਟਾਂ ਲਈ ਏ ਟੀ ਐੱਮ ਨੂੰ ਦਰੁਸਤ ਕਰਨ 'ਚ ਦੋ ਤੋਂ ਤਿੰਨ ਹਫ਼ਤੇ ਦਾ ਸਮਾਂ ਲੱਗੇਗਾ। ਉਧਰ ਖ਼ਜ਼ਾਨਾ ਮੰਤਰੀ ਨੇ ਸੁਨਿਆਰਿਆਂ ਤੋਂ ਚਲਣ ਤੋਂ ਬਾਹਰ ਹੋ ਚੁੱਕੀ ਕਰੰਸੀ 'ਚ ਕੀਤੇ ਗਏ ਸੌਦਿਆਂ ਦਾ ਵੇਰਵਾ ਮੰਗਿਆ ਹੈ। ਉਨ੍ਹਾ ਕਿਹਾ ਕਿ ਸਰਕਾਰ ਸਰਾਫ਼ਾ ਬਜ਼ਾਰ 'ਚ ਕਿਸੇ ਤਰ੍ਹਾਂ ਦਾ ਗ਼ੈਰ-ਕਾਨੂੰਨੀ ਕਾਰੋਬਾਰ ਨਹੀਂ ਹੋਣ ਦੇਵੇਗੀ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੈਂਕਾਂ 'ਚ ਭੀੜ ਨਾ ਪਾਉਣ ਅਤੇ ਪੁਰਾਣੇ ਨੋਟ ਹੌਲੀ-ਹੌਲੀ ਜਮ੍ਹਾਂ ਕਰਾਉਣ। ਕਾਂਗਰਸ ਸਮੇਤ ਫ਼ੈਸਲੇ ਦਾ ਵਿਰੋਧ ਕਰ ਰਹੀਆਂ ਪਾਰਟੀਆਂ ਦੀ ਆਲੋਚਨਾ ਕਰਦਿਆਂ ਜੇਤਲੀ ਨੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਦੇ ਬਿਆਨ ਗ਼ੈਰ-ਜ਼ਿੰਮੇਵਾਰਾਨਾ ਹਨ। ਉਨ੍ਹਾ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਆਖ ਰਹੀਆ ਹਨ ਕਿ ਇੱਕ ਹਫ਼ਤੇ ਲਈ ਖੁੱਲ੍ਹ ਦੇ ਦਿਓ, ਫੇਰ ਲਾਗੂ ਕਰੋ, ਪਰ ਜੇ ਅਸੀਂ ਅਜਿਹਾ ਕਰ ਦਿੰਦੇ ਤਾਂ ਸਾਰੀ ਖੇਡ ਹੀ ਖ਼ਤਮ ਹੋ ਜਾਂਦੀ। ਉਨ੍ਹਾ ਕਿਹਾ ਕਿ ਕਾਂਗਰਸ ਨੇ ਇਸ 'ਤੇ ਇਤਰਾਜ਼ ਕੀਤਾ ਹੈ। ਉਨ੍ਹਾ ਕਿਹਾ ਕਿ ਕਾਂਗਰਸ ਨੇ ਆਪਣੇ ਪੈਸੇ 'ਤੇ ਟੈਕਸ ਦਿੱਤਾ ਹੈ ਕਿ ਨਹੀਂ ਜਾਂ ਇਹ ਪੈਸਾ ਇਮਾਨਦਾਰੀ ਨਾਲ ਆਇਆ ਹੈ ਜਾਂ ਨਹੀਂ, ਦੇਸ਼ ਵਾਸੀਆਂ ਨੂੰ ਇਹ ਜਾਨਣ ਦਾ ਅਧਿਕਾਰ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀ ਅਫ਼ਵਾਹ ਫੈਲਾ ਕੇ ਦੇਸ਼ ਦਾ ਨੁਕਸਾਨ ਨਾ ਕੀਤਾ ਜਾਵੇ। ਉਨ੍ਹਾ ਕਿਹਾ ਕਿ ਉਹ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਬੈਂਕਿੰਗ ਸਿਸਟਮ 'ਚ ਹਰ ਵਿਅਕਤੀ ਦਾ ਪੈਸਾ ਸੁਰੱਖਿਅਤ ਹੈ ਅਤੇ ਸਾਰਿਆਂ ਨੂੰ ਉਸ ਦਾ ਪੈਸਾ ਹੌਲੀ-ਹੌਲੀ ਕਰਕੇ ਮਿਲਦਾ ਰਹੇਗਾ। ਉਨ੍ਹਾ ਕਿਹਾ ਕਿ ਸਰਕਾਰ ਜਾਲ੍ਹੀ ਕਰੰਸੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।