ਤਨਖਾਹ ਨਹੀਂ ਲਵਾਂਗਾ : ਟ੍ਰੰਪ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਡੋਨਾਰਡ ਟ੍ਰੰਪ ਨੇ ਕਿਹਾ ਹੈ ਕਿ ਉਹ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਵਾਲੀ 4 ਲੱਖ ਡਾਲਰ ਤਨਖਾਹ ਲੈਣ ਦੀ ਬਜਾਏ ਸਾਲ 'ਚ ਤਨਖਾਹ ਵਜੋਂ ਸਿਰਫ ਇੱਕ ਡਾਲਰ ਲੈਣਗੇ ਅਤੇ ਛੁੱਟੀਆਂ ਵੀ ਨਹੀਂ ਕਰਨਗੇ। ਇੱਕ ਇੰਟਰਵਿਊ ਦੌਰਾਨ ਤਨਖਾਹ ਬਾਰੇ ਪੁੱੱਛੇ ਜਾਣ 'ਤੇ ਕਿਹਾ ਕਿ ਉਹ ਤਨਖਾਹ ਨਹੀਂ ਲੈਣਗੇ। ਟ੍ਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਜੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਉਹ ਤਨਖਾਹ ਨਹੀਂ ਲੈਣਗੇ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਿਹਾ ਕਿ ਦੇਸ਼ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀ ਲੋਕਾਂ ਨੂੰ ਛੇਤੀ ਤੋਂ ਛੇਤੀ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ ਜਾਂ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਅਪਰਾਧੀਆਂ, ਅਪਰਾਧਿਕ ਪਿਛੋਕੜ ਵਾਲੇ ਲੋਕਾਂ, ਗ੍ਰੋਹਾਂ ਦੇ ਮੈਂਬਰ ਅਤੇ ਨਸ਼ਾ ਕਾਰੋਬਾਰੀਆਂ ਵਿਰੁੱਧ ਸ਼ਿਕੰਜਾ ਕੱਸਿਆ ਜਾਵੇਗਾ। ਉਧਰ ਸਦਨ ਦੇ ਸਪੀਕਰ ਅਤੇ ਰਿਪਬਲੀਕਨ ਪਾਰਟੀ ਦੇ ਆਗੂ ਪਾਲ ਰੇਅਨ ਨੇ ਵੱਖਰੀ ਸੁਰ ਵਿੱਚ ਕਿਹਾ ਹੈ ਕਿ ਟ੍ਰੰਪ ਵੱਲੋਂ ਪ੍ਰਚਾਰ ਦੌਰਾਨ ਇਸ ਗੱਲ 'ਤੇ ਜ਼ੋਰ ਦੇਣ ਦੇ ਬਾਵਜੂਦ ਸਾਂਸਦ ਬਿਨਾਂ ਕਾਗਜ਼ਾਤ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਜਾਂ ਬਾਹਰ ਕੱਢਣ, ਹਵਾਲਗੀ ਦਸਤੇ ਦੇ ਗਠਨ ਲਈ ਤਿਆਰ ਨਹੀਂ ਹਨ।