ਨੋਟਬੰਦੀ ਕਾਰਨ ਕੇਵਲ ਬੇਈਮਾਨ ਹੀ ਪ੍ਰੇਸ਼ਾਨ : ਮੋਦੀ


ਗਾਜ਼ੀਪੁਰ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੋਈ ਹੈ ਅਤੇ ਇਸ ਨਾਲ ਕੇਵਲ ਉਹ ਲੋਕ ਪ੍ਰੇਸ਼ਾਨ ਹਨ, ਜੋ ਬੇਈਮਾਨ ਹਨ। ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੇਵਲ ਇੱਕ ਹੀ ਉਪਾਅ ਸੀ ਕਿ 500 ਅਤੇ 1000 ਦੇ ਪੁਰਾਣੇ ਨੋਟਾਂ ਨੂੰ ਰੱਦੀ ਵਿੱਚ ਬਦਲ ਦਿੱਤਾ ਜਾਵੇ।
ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਚੁੱਕੇ ਗਏ ਇਸ ਕਦਮ ਨਾਲ ਆਮ ਲੋਕਾਂ ਨੂੰ ਕੁਝ ਥੋੜ੍ਹੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਉਹ ਲੋਕਾਂ ਦੀ ਤਕਲੀਫ ਨੂੰ ਘੱਟ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ।
ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਜੰਮ ਕੇ ਹਮਲਾ ਕੀਤਾ। ਉਨ੍ਹਾ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੇਵਲ ਆਪਣੀ ਕੁਰਸੀ ਨੂੰ ਬਚਾਉਣ ਲਈ 19 ਮਹੀਨੇ ਐਮਰਜੈਂਸੀ ਲਗਾ ਕੇ ਪੂਰੇ ਦੇਸ਼ ਨੂੰ ਜੇਲ੍ਹ ਖਾਨਾ ਬਣਾ ਦਿੱਤਾ ਸੀ, ਪਰ ਉਨ੍ਹਾ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੇਵਲ 50 ਦਿਨਾਂ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਸਰਕਾਰ ਦੇ ਫੈਸਲੇ ਤੋਂ ਇਮਾਨਦਾਰ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਨ੍ਹਾ ਦੀ ਬੱਚਤ ਦੀ ਕਮਾਈ ਉਪਰ ਕੋਈ ਵੀ ਸਰਕਾਰੀ ਅਫਸਰ ਨਜ਼ਰ ਨਹੀਂ ਪਾ ਸਕਦਾ। ਉਨ੍ਹਾ ਕਿਹਾ ਕਿ ਲੋਕ ਪੈਸਾ ਬੈਂਕ ਖਾਤਿਆਂ ਵਿੱਚ ਪਾਉਣ ਅਤੇ ਸਰਕਾਰ ਉਸ ਉਪਰ ਵਿਆਜ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾ ਦੇ ਫੈਸਲੇ ਕੜਕ ਚਾਹ ਵਰਗੇ ਹਨ।
ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾ ਨੇ ਕਾਲੇ ਧਨ ਬਾਰੇ ਜੋ ਵਾਅਦਾ ਲੋਕਾਂ ਨਾਲ ਕੀਤਾ ਸੀ, ਉਸ ਨੂੰ ਉਸ ਨੇ ਪੂਰਾ ਕਰ ਦਿੱਤਾ ਹੈ।
ਭਾਜਪਾ ਦੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਮੋਦੀ ਨੇ ਆਪਣੇ ਭਾਸ਼ਣ ਵਿੱਚ ਵਿਰੋਧੀਆਂ 'ਤੇ ਚੁਣ-ਚੁਣ ਕੇ ਹਮਲੇ ਕੀਤੇ। ਕਾਂਗਰਸ 'ਤੇ ਟਕੋਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਵਕੀਲ ਭਾਸ਼ਣ ਦੇ ਰਹੇ ਹਨ ਕਿ ਇਹ ਕਿਹੜੇ ਕਾਨੂੰਨ ਤਹਿਤ 1000 ਅਤੇ 500 ਦੇ ਨੋਟ ਬੰਦ ਕੀਤੇ ਗਏ ਹਨ। ਮੋਦੀ ਨੇ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਕਾਂਗਰਸ ਨੇ ਆਪਣੇ ਰਾਜ ਵਿੱਚ ਕਿਹੜੇ ਕਾਨੂੰਨ ਤਹਿਤ ਚੁਆਨੀ ਬੰਦ ਕੀਤੀ। ਪ੍ਰਧਾਨ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਵੀ ਨਿਸ਼ਾਨੇ 'ਤੇ ਲਿਆ।
ਮੋਦੀ ਨੇ ਕਿਹਾ ਕਿ ਕੁਝ ਪਾਰਟੀਆਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਚਿੰਤਾ ਸਤਾਅ ਰਹੀ ਹੈ ਕਿ ਉਹ ਹੁਣ ਨੋਟਾਂ ਦੀ ਮਾਲਾ ਕਿੱਥੋਂ ਲਿਆਉਣਗੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਮਾਨਦਾਰੀ ਦੇ ਨਾਂਅ 'ਤੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਵਿੱਚ ਜੇ ਹਿੰਮਤ ਹੈ ਤਾਂ ਉਹ ਜਨਤਕ ਤੌਰ 'ਤੇ ਦੱਸਣ ਕਿ ਕਾਲੇ ਧਨ ਵਿਰੁੱਧ ਕਾਰਵਾਈ ਹੋਈ ਹੈ ਜਾਂ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਈਮਾਨਾਂ ਦੇ ਦਿਨ ਖਤਮ ਹੋ ਗਏ ਹਨ ਅਤੇ ਇਮਾਨਦਾਰੀ ਦਾ ਨਵਾਂ ਯੁੱਗ ਸ਼ੁਰੂ ਹੋ ਗਿਆ ਹੈ।