ਰੰਗਰਾਜਨ ਵੱਲੋਂ ਨੋਟਬੰਦੀ ਦਾ ਸਮੱਰਥਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਨਰਿੰਦਰ ਮੋਦੀ ਸਰਕਾਰ ਦੇ 500 ਅਤੇ 1000 ਰੁਪਏ ਦੇ ਨੋਟ ਬੰਦੀ ਸੰਬੰਧੀ ਫੈਸਲੇ ਨੂੰ ਹੁਣ ਸਾਬਕਾ ਆਰ ਬੀ ਆਈ ਗਵਰਨਰ ਰੰਗਰਾਜਨ ਦਾ ਵੀ ਸਮੱਰਥਨ ਮਿਲਿਆ ਹੈ। ਹਾਲਾਂਕਿ ਸਾਬਕਾ ਆਰ ਬੀ ਆਈ ਗਵਰਨਰ ਰਘੁਨਾਥ ਰਾਜਨ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ। ਸ੍ਰੀ ਰੰਗਰਾਜਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਇਸ ਫੈਸਲੇ ਤੋਂ ਪਰੇਸ਼ਾਨੀ ਜ਼ਰੂਰ ਹੋਵੇਗੀ, ਪਰ ਇਸ ਨਾਲ ਕਾਲੇ ਧਨ 'ਤੇ ਲਗਾਮ ਜ਼ਰੂਰ ਲੱਗੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਵੇਂ ਜਲਦਬਾਜ਼ੀ 'ਚ ਲਿਆ ਗਿਆ, ਪਰ ਇਸ ਨਾਲ ਕਾਲੇ ਧਨ 'ਚ ਕਮੀ ਹਰ ਹਾਲਤ 'ਚ ਆਵੇਗੀ। ਇਸ ਦਾ ਨਤੀਜਾ ਇਹ ਬਣਿਆ ਕਿ ਹੁਣ ਲੋਕ ਕੈਸ਼ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਲੈਣ-ਦੇਣ ਕਰ ਰਹੇ ਹਨ। ਜੇ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਇਸ ਨਾਲ ਜ਼ਰੂਰ ਫਾਇਦਾ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਨਕਦੀ ਦਾ ਕੋਈ ਹਿਸਾਬ ਨਹੀਂ ਹੁੰਦਾ ਸੀ, ਹੁਣ ਉਸ 'ਚ ਵੀ ਘਾਟ ਆਵੇਗੀ। ਉਂਝ ਤਾਂ ਨੋਟ ਬੰਦੀ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਬਹੁਤ ਤਰ੍ਹਾਂ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਬਹੁਤ ਸਾਰੇ ਲੋਕ ਇਸ ਫੈਸਲੇ ਦੇ ਸਮੱਰਥਨ 'ਚ ਹਨ। ਸੋਸ਼ਲ ਮੀਡੀਆ 'ਤੇ ਦੋਵੇਂ ਤਰ੍ਹਾਂ ਦੇ ਲੋਕ ਆਪਣੀਆਂ ਟਿਪਣੀਆਂ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਸਾਬਕਾ ਗਵਰਨਰ ਰਘੁਨਾਥ ਰਾਜਨ ਨੋਟ ਬੰਦੀ ਦੇ ਪੱਖ 'ਚ ਨਹੀਂ ਸਨ, ਪਰ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਹੈ।