ਮੀਡੀਆ 'ਚ ਸਰਕਾਰ ਦਾ ਦਖਲ ਨਹੀਂ : ਮੋਦੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪ੍ਰਗਟਾਵੇ ਦੀ ਅਜ਼ਾਦੀ ਅਹਿਮ ਹੈ ਅਤੇ ਇਸ ਲਈ ਮੀਡੀਆ ਵਿੱਚ ਸਰਕਾਰ ਦਾ ਦਖਲ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਗਲਤੀਆਂ ਨਾਲ ਮੀਡੀਆ ਮੁਲਾਂਕਣ ਕਰਨਾ ਗਲਤ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕੌਮਾਂਤਰੀ ਪ੍ਰੈੱਸ ਸੰਬੰਧੀ ਰੱਖੇ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਡੀਆ ਦੇ ਖੇਤਰ ਵਿੱਚ ਤੇਜ਼ੀ ਨਾਲ ਆ ਰਹੀ ਤਬਦੀਲੀ ਅਤੇ ਮੁਕਾਬਲੇਬਾਜ਼ੀ ਵਿੱਚ ਸੱਚੀ ਖਬਰ ਨੂੰ ਪੇਸ਼ ਕਰਨਾ ਇੱਕ ਕਠਿਨ ਕੰਮ ਹੈ।
ਉਨ੍ਹਾ ਕਿਹਾ ਕਿ ਮੀਡੀਆ ਦਾ ਸਵੈ ਪੜਚੋਲ ਕਰਕੇ ਸੈਵ ਜ਼ਾਬਤਾ ਬਣਾਉਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸੂਬਿਆਂ 'ਚ ਵਿਕਾਸ ਦੇ ਮਾਮਲੇ ਵਿੱਚ ਮੁਕਾਬਲੇਬਾਜ਼ੀ ਅਤੇ ਸਵੱਛਤਾ ਵਰਗੇ ਮੁੱਦਿਆਂ ਨੂੰ ਮੀਡੀਆ ਨੇ ਸਾਕਾਰਾਤਮਕ ਮਾਹੌਲ ਸਿਰਜਿਆ ਹੈ।
ਮੋਦੀ ਨੇ ਪੱਤਰਕਾਰਾਂ 'ਤੇ ਹੋ ਰਹੇ ਹਮਲਿਆਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਰਕਾਰ ਅਤੇ ਮੀਡੀਆ 'ਚ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਐਮਰਜੈਂਸੀ ਵੇਲੇ ਨੀਤੀਆਂ ਦੀ ਅਵਾਜ਼ ਦਬਾਈ ਗਈ ਸੀ। ਉਨ੍ਹਾ ਕਿਹਾ ਕਿ ਕੰਧਾਰ ਕਾਂਡ ਅਤੇ 26/11 ਦੇ ਹਮਲਿਆਂ ਤੋਂ ਬਾਅਦ ਮੀਡੀਆ ਦੇ ਤਜਰਬੇਕਾਰ ਲੋਕਾਂ ਨੇ ਆਤਮ ਪੜਚੋਲ ਕੀਤੀ। ਉਨ੍ਹਾ ਕਿਹਾ ਕਿ ਸਰਕਾਰ ਦੇ ਸੂਚਨਾ ਤੰਤਰ ਨੂੰ ਮਜ਼ਬੂਤ ਕਰਨ 'ਚ ਪ੍ਰੈੱਸ ਕੌਂਸਲ ਦੀ ਅਹਿਮ ਭੂਮਿਕਾ ਹੋ ਸਕਦੀ ਹੈ।