ਨੋਟਬੰਦੀ ਕਾਰਨ ਸੈਰ-ਸਪਾਟਾ ਸਨਅੱਤ ਦੇ ਹੱਥ ਖ਼ਾਲੀ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕੇਂਦਰ ਸਰਕਾਰ ਵੱਲੋਂ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀ ਬੰਦੀ ਦੇ ਫ਼ੈਸਲੇ ਦਾ ਅਸਰ ਦੇਸ਼ ਦੇ ਸੈਰ ਸਪਾਟਾ ਸਨਅੱਤ ਉੱਤੇ ਵੀ ਪੈਣ ਲੱਗਾ ਹੈ।ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਟੂਰਿਜ਼ਮ ਸੈਕਟਰ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੋਂ ਸੈਰ ਸਪਾਟਾ ਸਨਅਤ ਤੇ ਹੋਰ ਸੰਬੰਧਤ ਕਾਰੋਬਾਰ 'ਤੇ ਬੁਰਾ ਅਸਰ ਪਿਆ ਹੈ।ਸਰਕਾਰ ਦੇ ਫ਼ੈਸਲੇ ਤੋਂ ਬਾਅਦ ਲੋਕਾਂ ਨੂੰ ਨਵੀਂ ਕਰੰਸੀ ਮਿਲਣ ਵਿੱਚ ਮੁਸ਼ਕਲ ਆ ਰਹੀ ਹੈ।
ਸ਼ਹਿਰ ਦੇ ਕਈ ਹੋਟਲਾਂ ਵਿੱਚ ਸੈਲਾਨੀਆਂ ਨੇ ਐਡਵਾਂਸ ਬੁਕਿੰਗ ਰੱਦ ਕਰ ਦਿੱਤੀ ਹੈ।ਇਸ ਤੋਂ ਇਲਾਵਾ ਹੋਟਲਾਂ ਵਿੱਚ ਕਮਰਿਆਂ ਦੀ ਬੁਕਿੰਗ ਘੱਟ ਕੇ 20 ਫ਼ੀਸਦੀ ਤੱਕ ਰਹਿ ਗਈ ਹੈ।ਨੋਟਬੰਦੀ ਦਾ ਅਸਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਉੱਤੇ ਵੀ ਪਿਆ ਹੈ।ਨੋਟਬੰਦੀ ਕਾਰਨ ਇੱਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵੱਡੇ ਪੱਧਰ 'ਤੇ ਘੱਟ ਗਈ ਹੈ।ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਹੋਟਲ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲਾਂ ਵਿੱਚ ਇਸ ਵੇਲੇ ਕਮਰਿਆਂ ਦੀ ਬੁਕਿੰਗ ਨਾ-ਮਾਤਰ ਰਹਿ ਗਈ ਹੈ।
ਹੋਟਲ ਐਸੋਸੀਏਸ਼ਨ ਵਰਲਡ ਸਿਟੀ ਦੇ ਸਰਪ੍ਰਸਤ ਸਤਨਾਮ ਸਿੰਘ ਕੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਨਾਲ ਇਸ ਵੇਲੇ ਤਿੰਨ ਹੋਟਲ ਜੁੜੇ ਹੋਏ ਹਨ।ਇਨ੍ਹਾਂ ਹੋਟਲਾਂ ਵਿੱਚ 54 ਕਮਰੇ ਹਨ, ਪਰ ਪਿਛਲੇ ਇੱਕ ਹਫ਼ਤੇ ਤੋਂ ਰੋਜ਼ਾਨਾ ਸਿਰਫ਼ 3 ਤੋਂ 4 ਕਮਰੇ ਹੀ ਬੁੱਕ ਹੋ ਰਹੇ ਹਨ।
ਹੋਟਲ ਸਨਅਤ ਦੇ ਨਾਲ-ਨਾਲ ਟੈਕਸੀ ਕਾਰੋਬਾਰ ਉੱਤੇ ਵੀ ਨੋਟਬੰਦੀ ਦਾ ਅਸਰ ਦੇਖਣ ਨੂੰ ਮਿਲਿਆ ਹੈ।ਕੇਂਦਰ ਸਰਕਾਰ ਦੇ ਫੈਸਲੇ ਕਾਰਨ ਉੜੀਸਾ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।ਜਗਨਨਾਥ ਤੇ ਪੁਰੀ ਵਰਗੇ ਪ੍ਰਸਿੱਧ ਮੰਦਰਾਂ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ।ਮੰਦਰ ਵਿੱਚ 500 ਅਤੇ 1000 ਦੇ ਨੋਟ ਸਵੀਕਾਰ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਮੰਦਰ ਦੇ ਚੜ੍ਹਾਵੇ ਉੱਤੇ ਵੀ ਅਸਰ ਪਿਆ ਹੈ।ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ।ਕੁਝ ਹੋਟਲਾਂ ਨੇ ਸੈਲਾਨੀਆਂ ਨੂੰ 50 ਫ਼ੀਸਦੀ ਤੋਂ ਜ਼ਿਆਦਾ ਛੋਟ ਦੇਣੀ ਸ਼ੁਰੂ ਕਰ ਦਿੱਤੀ।